ਚੰਡੀਗੜ੍ਹ : ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਪੱਧਰ ਦੇ ਨਿਯਮਾਂ ਮੁਤਾਬਕ ਚਿੱਪ ਟਾਈਮੰਡ (ਵਿਸ਼ੇਸ਼ ਚਿੱਪ ਸਹਿਤ) 42 ਕਿਲੋਮੀਟਰ 'ਫੁਲ ਮੈਰਾਥਨ' ਕਰਵਾਈ ਜਾਵੇਗੀ। ਇਸ ਤੋਂ ਇਲਾਵਾ 21 ਕਿਲੋਮੀਟਰ ਦੀ ਹਾਫ ਮੈਰਾਥਾਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੇ ਦੌੜ ਤੋਂ ਇਲਾਵਾ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਚ 5 ਕਿਲੋਮੀਟਰ ਦੀ ਦੌੜ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਸੈਕਟਰ 78 ਸਥਿਤ ਮਲਟੀਪਰਪਜ਼ ਕੰਪਲੈਕਸ 'ਚ ਮੈਰਾਥਨ ਦੌਰਾਨ 5000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜਦੋਂ ਕਿ ਸਾਰੇ ਜ਼ਿਲਿ੍ਹਆਂ 'ਚ ਕੁੱਲ 50 ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।

ਸੋਮਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਰਾਣਾ ਸੋਢੀ ਨੇ ਕਿਹਾ ਕਿ ਗਮਾਡਾ ਤੇ ਨਗਰ ਨਿਗਮ ਇਹ ਯਕੀਨੀ ਬਣਾਉਣ ਕਿ ਮੈਰਾਥਨ ਵਾਲਾ ਰਸਤਾ ਪੂਰੀ ਤਰ੍ਹਾਂ ਸਾਫ ਹੋਵੇ ਅਤੇ ਰਾਹ ਵਿੱਚ ਕੋਈ ਸੜਕ ਦਾ ਹਿੱਸਾ ਨੁਕਸਾਨਿਆ ਨਾ ਹੋਵੇ। ਇਸ ਤੋਂ ਇਲਾਵਾ ਰਸਤੇ 'ਚ ਸਟਰੀਟ ਲਾਈਟਾਂ ਦਾ ਪ੍ਬੰਧ, ਦੌੜ 'ਚ ਹਿੱਸਾ ਲੈਣ ਵਾਲਿਆਂ ਨੂੰ ਰਸਤੇ 'ਚ ਰਿਫਰੈਸ਼ਮੈਂਟ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਪ੍ਬੰਧ, ਐਂਬੂਲੈਂਸ ਆਦਿ ਦਾ ਪ੍ਬੰਧ ਕੀਤਾ ਜਾਵੇ।

ਰਾਣਾ ਸੋਢੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੌਜਾ ਸਿੰਘ, ਮਾਨ ਕੌਰ, ਮਿਲਖਾ ਸਿੰਘ ਸਣੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਮੈਰਾਥਨ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕ੍ਰਿਕਟਰ ਹਰਭਜਨ ਸਿੰਘ ਪਹਿਲਾਂ ਹੀ ਮੈਰਾਥਨ 'ਚ ਹਿੱਸਾ ਲੈਣ 'ਤੇ ਸਹਿਮਤੀ ਪ੍ਗਟਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਓਲੰਪੀਅਨਾਂ ਅਤੇ ਪਦਮਸ਼੍ਰੀ, ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਐਵਾਰਡ, ਦਰੋਣਾਚਾਰੀਆ ਤੇ ਧਿਆਨ ਚੰਦ ਐਵਾਰਡ ਜੇਤੂਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਥਲੈਟਿਕ ਫੈੱਡਰੇਸ਼ਨ ਆਫ ਇੰਡੀਆ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇਗਾ।

ਖੇਡ ਮੰਤਰੀ ਨੇ ਕਿਹਾ ਕਿ ਫੁੱਲ ਮੈਰਾਥਨ ਮੌਕੇ 20 ਲੱਖ ਤੋਂ ਜਿਆਦਾ ਦੀ ਇਨਾਮੀ ਰਕਮ ਵਾਲੇ ਕੁੱਲ 90 ਇਨਾਮ ਦਿੱਤੇ ਜਾਣਗੇ। ਫੁੱਲ ਮੈਰਾਥਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਤੀ ਵਰਗ 2 ਲੱਖ ਰੁਪਏ ਦਾ ਇਨਾਮ ਮਿਲੇਗਾ, ਜਦੋਂ ਕਿ ਹਾਫ ਮੈਰਾਥਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਤੀ ਵਰਗ 1.25 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ 45-50, 50-55, 55-60, 60-65 ਅਤੇ 65 ਸਾਲ ਤੋਂ ਜ਼ਿਆਦਾ ਦੇ ਉਮਰ ਵਰਗ ਵਾਲੇ ਵਿਅਕਤੀਆਂ ਲਈ ਵੀ ਕੁਲ 60 ਵਿਸ਼ੇਸ਼ ਇਨਾਮ ਹੋਣਗੇ।