ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਗਲੇ ਮਹੀਨੇ ਤੋਂ ਸਮੂਹ ਵਿਭਾਗਾਂ 'ਚ ਨਵੀਆਂ ਫਾਈਲਾਂ ਨੂੰ ਨਿਪਟਾਉਣ ਦਾ ਕੰਮਕਾਜ ਸਿਰਫ਼ ਈ-ਆਫਿਸ ਰਾਹੀਂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵੱਲੋਂ ਜਾਰੀ ਕੀਤੇ ਜਾਂਦੇ ਸਾਰੇ ਦਸਤਾਵੇਜ਼ ਡਿਜੀਟਲ ਤਰੀਕੇ ਨਾਲ ਨਾਗਰਿਕਾਂ ਦੇ ਡਿਜੀਟਲ ਲਾਕਰ ਵਿਚ ਭੇਜ ਦਿੱਤੇ ਜਾਇਆ ਕਰਨਗੇ ਤਾਂਕਿ ਸਬੰਧਤ ਨਾਗਰਿਕ ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਇਨ੍ਹਾਂ ਦਸਤਾਵੇਜ਼ ਨੂੰ ਹਾਸਲ ਕਰ ਸਕੇ।

ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ (ਪੀਐੱਸਈਜੀਐੱਸ) ਦੇ ਬੋਰਡ ਆਫ ਗਵਰਨੈਂਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸੁਸਾਇਟੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਈ-ਗਵਰਨੈਂਸ ਸੁਸਾਇਟੀ ਸੂਬੇ ਵਿਚ 520 ਸੇਵਾ ਕੇਂਦਰ ਚਲਾ ਰਹੀ ਹੈ ਜਿਸ ਰਾਹੀਂ ਲਗਪਗ 30000 ਨਾਗਿਰਕਾਂ ਨੂੰ ਰੋਜ਼ਾਨਾ 200 ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੈ। ਵੱਖ-ਵੱਖ ਕਿਸਮ ਦੇ ਸਰਟੀਫਿਕੇਟ ਅਤੇ ਲਾਇਸੈਂਸ ਜਾਰੀ ਕਰਨ ਸਮੇਤ ਸਾਰੀਆਂ ਮਹੱਤਵਪੂਰਨ ਸੇਵਾਵਾਂ, ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਮਾਲ ਅਤੇ ਟਰਾਂਸਪੋਰਟ ਵਿਭਾਗਾਂ ਦੀਆਂ ਸੇਵਾਵਾਂ ਵੀ ਸੇਵਾ ਕੇਂਦਰ ਰਾਹੀਂ ਲਿਆਂਦੀਆਂ ਰਹੀਆਂ ਹਨ।

ਕੈਪਟਨ ਨੇ ਈ-ਸੇਵਾ, ਕਰਜ਼ਾ ਰਾਹਤ, ਪੀਐੱਮ-ਕਿਸਾਨ ਅਤੇ ਐੱਸਡੀਜੀ ਦੀ ਨਿਗਰਾਨੀ ਈ ਰਾਜ ਪੱਧਰੀ ਐਪਲੀਕੇਸ਼ਨਾਂ ਦੀ ਸਿਰਜਣ ਵਿਚ ਪਾਏ ਯੋਗਦਾਨ ਲਈ ਈ-ਗਵਰਨੈਂਸ ਸੁਸਾਇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਲੰਬਿਤ ਮਾਮਲੇ 23 ਫ਼ੀਸਦੀ ਤੋਂ ਘਟ ਕੇ 1.5 ਫ਼ੀਸਦੀ ਰਹਿ ਜਾਣ 'ਤੇ ਵੀ ਸੁਸਾਇਟੀ ਦੀ ਸ਼ਲਾਘਾ ਕੀਤੀ।

ਵਧੀਕ ਮੁੱਖ ਸਕੱਤਰ-ਕਮ-ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੇ ਉਪ ਚੇਅਰਮੈਨ ਵਿਨੀ ਮਹਾਜਨ ਨੇ ਪਰਿਵਤਨਸ਼ੀਲ ਸੁਧਾਰ ਲਿਆਉਣ ਲਈ ਸੂਬਾਈ ਸਲਾਹਕਾਰੀ ਕੌਂਸਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ 'ਤੇ ਵੀ ਚਾਨਣਾ ਪਾਇਆ। ਇਸ ਮੰਤਵ ਲਈ ਬਿਹਤਰੀਨ ਅਮਲਾਂ ਵਾਸਤੇ ਵੱਖ-ਵੱਖ ਵਿਭਾਗਾਂ ਦੀ ਮਦਦ ਲਈ ਪ੍ਰਸ਼ਾਸਕੀ ਸਹਿਯੋਗੀਆਂ ਦੀ ਟੀਮ ਵੀ ਨਾਲ ਜੋੜੀ ਗਈ ਹੈ। ਵਧੀਕ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਹੁਕਮਾਂ ਦੀ ਪਾਲਣਾ ਵਿਚ ਈ-ਗਵਰਨੈਂਸ ਸੁਸਾਇਟੀ ਨੇ 15 ਤਕਨਾਲੋਜੀ ਮਾਹਿਰਾਂ ਸਮੇਤ ਮੁੱਖ ਤਕਨਾਲੋਜੀ ਅਫ਼ਸਰ ਦੀਆਂ ਸੇਵਾਵਾਂ ਲਈਆਂ ਹਨ ਤਾਂ ਕਿ ਸੂਬੇ ਨੂੰ ਡਿਜੀਟਾਈਲੇਸ਼ਨ ਦੇ ਅਗਲੇ ਦੌਰ ਵਿਚ ਲਿਜਾਇਆ ਜਾ ਸਕੇ।

ਮੁੱਖ ਸਕੱਤਰ-ਕਮ-ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੇ ਸੀਨੀਅਰ ਉਪ ਚੇਅਰਮੈਨ ਡਾ. ਕਰਨ ਅਵਤਾਰ ਸਿੰਘ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਈ-ਗਵਰਨੈਂਸ ਸੁਸਾਇਟੀ ਸੂਬੇ ਵਿਚ ਇੰਟਰਪ੍ਰਾਈਜ਼ ਆਰਕੀਟੈਕਟਰ ਨੂੰ ਲਾਗੂ ਕਰਨ 'ਤੇ ਕੰਮ ਕਰ ਰਹੀ ਹੈ ਅਤੇ ਇਸ ਸਬੰਧ ਵਿਚ ਨੀਤੀ ਖਰੜਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਮਾਈਕ੍ਰੋ ਸੇਵਾਵਾਂ ਜ਼ਰੀਏ ਜੋੜਿਆ ਜਾਵੇਗਾ ਅਤੇ ਵਿਭਾਗਾਂ ਦੇ ਡਾਟਾਬੇਸ ਦੇ ਤੱਥਾਂ ਦਾ ਇਕਮਾਤਰ ਸਰੋਤ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ 8500 ਤੋਂ ਵੱਧ ਯੂਜਰਜ਼ ਵੱਲੋਂ ਈ-ਆਫਿਸ ਵਿੱਚ 1,35,000 ਈ-ਫਾਈਲਜ਼ ਬਣਾਈਆਂ ਜਾ ਚੁੱਕੀਆਂ ਹਨ।