ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਲ 2018 ਬੈਚ ਦੇ ਚਾਰ ਆਈਏਐੱਸ ਅਧਿਕਾਰੀਆਂ ਦੀ ਫੇਜ਼-2 ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਵੱਖ-ਵੱਖ ਉਪ ਮੰਡਲਾਂ 'ਚ ਸਬ ਡਿਵੀਜ਼ਨਲ ਮੈਜਿਸਟਰੇਟ (ਐੱਸਡੀਐੱਮ) ਅਹੁਦੇ 'ਤੇ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਅਧਿਕਾਰੀਆਂ 'ਚ ਵਰਜੀਤ ਸਿੰਘ ਵਾਲੀਆ ਨੂੰ ਬਰਨਾਲਾ ਦਾ ਐੱਸਡੀਐੱਮ ਬਣਾਇਆ ਗਿਆ ਹੈ। ਉਨ੍ਹਾਂ ਕੋਲ ਤਪਾ ਦੇ ਐੱਸਡੀਐੱਮ ਦਾ ਵੀ ਵਧੂ ਕਾਰਜਭਾਰ ਹੋਵੇਗਾ। ਤਪਾ 'ਚ ਹੁਣ ਤਕ ਪੀਸੀਐੱਸ ਅਧਿਕਾਰੀ ਜਸਬੀਰ ਸਿੰਘ ਐੱਸਡੀਐੱਮ ਸਨ। ਇਸੇ ਤਰ੍ਹਾਂ ਅੰਕੁਰਜੀਤ ਸਿੰਘ ਦੂਧਨ ਸਦਨ ਦੇ ਐੱਸਡੀਐੱਮ ਹੋਣਗੇ। ਉਹ ਪੀਸੀਐੱਸ ਅਧਿਕਾਰੀ ਚਰਣਜੀਤ ਸਿੰਘ ਨੂੰ ਉਨ੍ਹਾਂ ਦੇ ਵਧੇਰੇ ਕਾਰਜਭਾਰ ਤੋਂ ਮੁਕਤ ਕਰਨਗੇ। ਇਸੇ ਤਰ੍ਹਾਂ ਵਿਰਾਜ ਸ਼ਿਆਮਕਰਨ, ਦੀਪਜੋਤ ਕੌਰ ਦੀ ਥਾਂ ਬੰਗਾ ਦੇ ਐੱਸਡੀਐੱਮ ਦਾ ਕਾਰਜਭਾਰ ਸੰਭਾਲਣਗੇ। ਟੀ. ਬੇਨਿਥ ਸ਼ਿਖਾ ਭਗਤ ਦੀ ਥਾਂ ਭੁਲੱਥ ਦੇ ਐੱਸਡੀਐੱਮ ਵਜੋਂ ਅਹੁਦਾ ਸੰਭਾਲਣਗੇ।

ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ 2012 ਬੈਚ ਦੀ ਪੀਸੀਐੱਸ ਅਧਿਕਾਰੀ ਸ਼ਿਖਾ ਭਗਤ ਹੁਣ ਸਰਬਜੀਤ ਕੌਰ ਦੀ ਥਾਂ ਮਾਨਸਾ ਦੇ ਐੱਸਡੀਐੱਮ ਹੋਣਗੇ। ਇਸ ਤੋਂ ਇਲਾਵਾ 2016 ਦੀ ਪੀਸੀਐੱਸ ਅਧਿਕਾਰੀ ਸਿਵਾਤੀ ਟਿਵਾਣਾ ਨੂੰ ਲੁਧਿਆਣਾ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਦੇ ਤੌਰ 'ਤੇ ਨਿਯੁਕਤੀ ਲਈ ਸਥਾਨਕ ਸਰਕਾਰਾਂ ਵਿਭਾਗ 'ਚ ਭੇਜ ਦਿੱਤਾ ਹੈ। 2016 ਬੈਚ ਦੀ ਪੀਸੀਐੱਸ ਅਧਿਕਾਰੀ ਦੀਪਜੋਤ ਕੌਰ ਦਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਅਸਿਸਟੈਂਟ ਕਮਿਸ਼ਨਰ (ਜਨਰਲ) ਵਜੋਂ ਤਬਾਦਲਾ ਕੀਤਾ ਗਿਆ ਹੈ। 2016 ਬੈਚ ਦੀ ਪੀਸੀਐੱਸ ਅਧਿਕਾਰੀ ਸਰਬਜੀਤ ਕੌਰ ਦਾ ਮਾਨਸਾ ਵਿਖੇ ਅਸਿਸਟੈਂਟ ਕਮਿਸ਼ਨਰ ਵਜੋਂ ਤਬਾਦਲਾ ਕੀਤਾ ਗਿਆ ਹੈ।