ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦੌਰਾਨ ਪੁਲਿਸ ਨੇ ਹਰਿਆਣਾ ਅਤੇ ਰਾਜਸਥਾਨ 'ਚ ਛਾਪਿਆਂ ਦੌਰਾਨ 23 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 36 ਹਥਿਆਰ ਬਰਾਮਦ ਕੀਤੇ ਹਨ। ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਚਾਰ ਹਥਿਆਰ ਡੀਲਰਾਂ ਦੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਹਨ।

ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 30 ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ 'ਚ 14 ਡੀਬੀਬੀਐੱਲ 12 ਬੋਰ, ਚਾਰ ਐੱਸਬੀਬੀਐੱਲ 12 ਬੋਰ, ਪੰਜ 32 ਬੋਰ ਪਿਸਤੌਲਾਂ, ਇਕ 45 ਬੋਰ ਦੀ ਪਿਸਤੌਲ, ਤਿੰਨ 30 ਬੋਰ ਪਿਸਤੌਲਾਂ, ਇਕ 25 ਬੋਰ ਦੀ ਪਿਸਤੌਲ ਅਤੇ ਦੋ ਕਾਰਬਾਈਨ ਸ਼ਾਮਲ ਹਨ।

ਬੁੱਢਾ ਦੇ ਖ਼ੁਲਾਸੇ ਤੋਂ ਬਾਅਦ, ਪੰਜਾਬ ਪੁਲਿਸ ਨੇ ਏਟੀਐੱਸ, ਉੱਤਰ ਪ੍ਰਦੇਸ਼ ਨਾਲ ਮਿਲ ਕੇ ਸਾਂਝੇ ਆਪ੍ਰੇਸ਼ਨ 'ਚ, 30 ਜਨਵਰੀ, 2020 ਨੂੰ ਜ਼ਿਲ੍ਹਾ ਮੇਰਠ (ਯੂਪੀ) ਦੇ ਪਿੰਡ ਟਿੱਕਰੀ ਦੇ ਵਸਨੀਕ ਅਸੀਸ ਪੁੱਤਰ ਰਾਮਬੀਰ ਨੂੰ ਵੀ ਗਿ੍ਫ਼ਤਾਰ ਕੀਤਾ। ਅਸੀਸ ਗ਼ੈਰ ਕਾਨੂੰਨੀ ਹਥਿਆਰਾਂ ਦਾ ਮੁੱਖ ਸਪਲਾਇਰ ਸੀ ਜੋ ਅਪਰਾਧੀਆਂ ਵੱਲੋਂ ਕਤਲੇਆਮ, ਜਬਰਨ ਵਸੂਲੀ, ਫਿਰੌਤੀ ਲਈ ਅਗਵਾ ਕਰਨ ਅਤੇ ਹੋਰ ਜੁਰਮਾਂ ਲਈ ਵਰਤੇ ਗਏ ਸਨ।

ਡੀਜੀਪੀ ਨੇ ਕਿਹਾ ਕਿ ਸੁਖਪ੍ਰੀਤ ਬੁੱਢਾ ਤੋਂ ਪੁੱਛਗਿੱਛ ਤੋਂ ਖ਼ੁਲਾਸਾ ਹੋਇਆ ਕਿ ਜਲਾਲਾਬਾਦ ਦੀ ਕਪਿਲ ਆਰਮਜ਼ ਕੰਪਨੀ ਦਾ ਮਾਲਕ ਕਪਿਲ ਦੇਵ ਪੁੱਤਰ ਹਰਭਜਨ ਲਾਲ ਵਾਸੀ ਜਲਾਲਾਬਾਦ (ਫਾਜ਼ਿਲਕਾ) ਕਤਲ, ਡਕੈਤੀਆਂ, ਅਗਵਾ ਕਰਨ ਆਦਿ ਅਪਰਾਧਾਂ ਲਈ ਪੰਜਾਬ ਵਿਚ ਅਪਰਾਧੀਆਂ ਨੂੰ ਨਾਜਾਇਜ਼ ਅਸਲਾ ਸਪਲਾਈ ਕਰ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਅਬੋਹਰ, ਜਲਾਲਾਬਾਦ, ਮਮਦੋਟ ਅਤੇ ਫਾਜ਼ਿਲਕਾ ਵਿਚ ਵੱਖ-ਵੱਖ ਅਸਲਾ ਡੀਲਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੇਤੀਆ ਗੰਨ ਹਾਊਸ ਦਾ ਮਾਲਕ ਅਮਰ ਸੇਤੀਆ ਪਹਿਲਾਂ ਸੀਬੀਆਈ ਦੁਆਰਾ ਜਾਂਚ ਕੀਤੇ ਜਾਅਲੀ ਅਸਲਾ ਲਾਇਸੈਂਸ ਮਾਮਲੇ 'ਚ ਸ਼ਾਮਲ ਸੀ ਅਤੇ ਉਸ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।