ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਦੇ ਫ਼ੋਕਲ ਪੁਆਇੰਟ ਦੀ ਇਕ ਫ਼ੈਕਟਰੀ ਅੰਦਰ ਪੰਜਾਬ ਐਕਸਾਈਜ਼ ਵਿਭਾਗ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ ਛਾਪੇਮਾਰੀ ਕਰਕੇ ਉੱਥੋਂ 27,600 ਲੀਟਰ ਮਿਥਾਈਲ ਅਤੇ ਇਥਾਈਲ ਅਲਕੋਹਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਹਾਲਾਂਕਿ ਫੋਰੈਂਸਿਕ ਲੈਬ ਦੀ ਟੀਮ ਜਾਂਚ ਕਰ ਰਹੀ ਹੈ ਕਿ ਡਰੰਮਾਂ ਵਿਚ ਭਰੇ ਤਰਲ ਪਦਾਰਥ ਵਿਚ ਕਿਹੜੇ ਕੈਮੀਕਲ ਹਨ ਤੇ ਕੀ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ? ਫ਼ੋਕਲ ਪੁਆਇੰਟ ਪਹੁੰਚੀ ਸਾਂਝੀ ਆਪ੍ਰਰੇਸ਼ਨ ਟੀਮ ਦਾ ਦਾਅਵਾ ਹੈ ਕਿ ਤਰਨਤਾਰਨ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਸੂਬੇ 'ਚ ਹੁਣ ਤਕ ਫੜੇ ਗਏ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੇ ਕੈਮੀਕਲ ਦੀ ਇਹ ਸਭ ਤੋਂ ਵੱਡੀ ਖੇਪ ਹੈ। ਟੀਮ ਨੇ ਤਿੰਨ ਫੈਕਟਰੀਆਂ ਦੇ ਚਾਰ ਮਾਲਕਾਂ ਨੂੰ ਗਿ੍ਫ਼ਤਾਰ ਕੀਤਾ ਹੈ।

ਪੰਜਾਬ ਐਕਸਾਈਜ਼ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਬੀਤੀ 23 ਜੁਲਾਈ ਨੂੰ ਜਵਾਹਰਪੁਰ ਵਿਖੇ ਵਿੰਨੀ ਕੈਮੀਕਲਜ਼ ਨਾਮਕ ਫੈਕਟਰੀ ਦੇ ਗੋਦਾਮ 'ਚੋਂ ਸਪਿਰਟ ਦੇ 5500 ਲੀਟਰ ਦੇ 6 ਡਰੰਮ ਬਰਾਮਦ ਕੀਤੇ ਸਨ। ਉੱਥੇ ਫੈਕਟਰੀ ਮਾਲਕ ਰਾਜੇਸ਼ ਅਤੇ ਦੋ ਨੌਕਰ ਅਜੇ ਤੇ ਮਹੇਸ਼ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਇਹ ਸਪਿਰਟ ਫੋਕਲ ਪੁਆਇੰਟ 'ਚ ਈ 68-69 ਵਿਚ ਏਲੀਕੇਮ ਲੈਬਸ ਪ੍ਰਰਾਈਵੇਟ ਲਿਮਟਿਡ ਫ਼ੈਕਟਰੀ ਤੋਂ ਸਪਲਾਈ ਹੋਈ ਸੀ।

ਇਸ ਲਈ ਬੀਤੀ ਸ਼ਾਮ ਇੱਥੇ ਛਾਪਾ ਮਾਰਿਆ ਗਿਆ, ਜਿੱਥੋਂ ਭਾਰੀ ਮਾਤਰਾ 'ਚ ਡਰੰਮ ਬਰਾਮਦ ਹੋਣ ਤੋਂ ਐੱਸਆਈਟੀ ਟੀਮ ਨੂੰ ਵੀ ਨਾਲ ਲਿਆ ਗਿਆ। ਤਰਨਤਾਰਨ ਐੱਸਆਈਟੀ ਤੋਂ ਡੀਐੱਸਪੀ ਬਿਕਰਮ ਸਿੰਘ ਬਰਾੜ ਵੀ ਟੀਮ ਦੇ ਨਾਲ ਜਾਂਚ 'ਚ ਜੁੁੱਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਈ 68-69 'ਚ ਸ਼ਰਾਬ ਬਣਾਈ ਜਾ ਰਹੀ ਸੀ, ਜਦੋਂ ਕਿ ਨਾਲ ਲੱਗਦੇ ਓਮਸਾਲਵੀ ਜੋ ਕਿ ਈ-11 ਵਿਚ ਹੈ ਅਤੇ ਪਿਓਰ ਸਾਲਿਊਸ਼ਨਜ਼ ਜੋ ਈ -28 'ਚ ਹੈ, ਉੱਥੇ ਵੀ ਇਹ ਡਰੰਮਾਂ ਵਿਚ ਸਟੋਰ ਕੀਤੀ ਜਾ ਰਹੀ ਸੀ।

ਤਿੰਨ ਫ਼ੈਕਟਰੀਆਂ ਦੇ ਪ੍ਰਬੰਧਕ ਗਿ੍ਫ਼ਤਾਰ

ਏਲੀਕੇਮ ਦੇ ਡਾਇਰੈਕਟਰ ਏਕੇ ਚੌਧਰੀ ਪੰਚਕੂਲਾ ਅਤੇ ਕੇਪੀ ਸਿੰਘ ਚੰਡੀਗੜ੍ਹ ਤੋਂ ਇਲਾਵਾ ਓਮਸਾਲਵੀ ਦੇ ਡਾਇਰੈਕਟਰ ਗੌਰਵ ਚੌਧਰੀ ਚੰਡੀਗÎੜ੍ਹ ਅਤੇ ਪਿਓਰ ਸਾਲਿਊਸ਼ਨਜ਼ ਦੇ ਜਗਮੋਹਨ ਅਰੋੜਾ ਜ਼ੀਰਕਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਦੂਬੇ ਨੇ ਦੱਸਿਆ ਕਿ ਉਕਤ ਡਰੰਮਾਂ 'ਚ ਮਿਥਾਈਲ ਅਤੇ ਇਥਾਈਲ ਐਲਕੋਹਲ ਦੋਵੇਂ ਸਟੋਰ ਕੀਤੇ ਹੋਏ ਮਿਲੇ ਹਨ।

ਫ਼ੈਕਟਰੀ ਕੋਲ ਹੈ ਵਾਤਾਵਰਨ ਤੇ ਐਕਸਪਲੋਜ਼ਿਵ ਦਾ ਸਰਟੀਿਫ਼ਕੇਟ : ਦੂਬੇ

ਦੂਬੇ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਿਆ ਹੈ ਕਿ ਏਲੀਕੇਮ ਫੈਕਟਰੀ ਪ੍ਰਬੰਧਕਾਂ ਕੋਲ ਐਕਸਪਲੋਜ਼ਿਵ ਅਤੇ ਵਾਤਾਵਰਨ ਦਾ ਸਰਟੀਿਫ਼ਕੇਟ ਤਾਂ ਹੈ ਪਰ ਐਕਸਾਈਜ਼ ਦਾ ਲਾਇਸੈਂਸ ਹੁਣ ਤਕ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਡੇਰਾਬੱਸੀ ਕੋਰਟ 'ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਏਲੀਕਾਮ ਫੈਕਟਰੀ 'ਚ ਡਰੰਮ ਬਰਾਮਦ ਹੋਣ ਮਗਰੋਂ ਦਫ਼ਤਰੀ ਰਿਕਾਰਡ ਦੀ ਜਾਂਚ ਪੜਤਾਲ 'ਚ ਜੁੜੀ ਹੋਈ ਸੀ। ਪੱਤਰਕਾਰਾਂ ਦੇ ਸਵਾਲ ਕੀ ਕਿ ਇਹ ਕੈਮੀਕਲ ਸ਼ਰਾਬ ਬਣਾਉਣ ਲਈ ਵਰਤਿਆ ਜਾ ਰਿਹਾ ਹੈ ਤਾਂ ਜਾਂਚ ਟੀਮ ਨੇ ਆਖਿਆ ਕਿ ਹਾਲੇ ਇਸ ਦੀ ਜਾਂਚ ਕੀਤੀ ਜਾਵੇਗੀ ਪਰ ਜੇਕਰ ਇਸ ਦੀ ਵਰਤੋਂ ਹੁੰਦੀ ਵੀ ਹੈ ਤਾਂ ਇਹ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ।