ਪੱਤਰ ਪ੍ਰੇਰਕ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਸਾਬਕਾ ਟਰਾਂਸਪੋਰਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 840 ਬੱਸਾਂ ਦੀ ਖ਼ਰੀਦ 'ਚ ਕੀਤੇ 60 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰ ਮਲੂਕਾ ਨੇ ਕਿਹਾ ਕਿ ਇਕ ਆਰਟੀਆਈ ਸੂਚਨਾ ਨਾਲ ਰਾਜਾ ਵੜਿੰਗ ਦੀਆਂ ਭ੍ਰਿਸ਼ਟ ਗਤੀਵਿਧੀਆਂ ਜੱਗ ਜ਼ਾਹਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਰਾਜਾ ਵੜਿੰਗ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ। ਉਨ੍ਹਾਂ ਨਾ ਸਿਰਫ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੂੰ 840 ਬੱਸਾਂ ਦੀ ਬਾਡੀ ਬਿਲਡਿੰਗ ਵਿਚ 4 ਲੱਖ ਰੁਪਏ ਪ੍ਰਤੀ ਬੱਸ ਦਾ ਘਾਟਾ ਸਹਿਣ ਦੀ ਪ੍ਰਵਾਨਗੀ ਦਿੱਤੀ, ਬਲਕਿ ਸਾਰੀਆਂ ਬੱਸਾਂ ਮਾਰਕੀਟ ਕੀਮਤ ’ਤੇ ਖ਼ਰੀਦ ਲਈਆਂ ਜਦੋਂ ਕਿ ਬੱਸ ਕੰਪਨੀਆਂ ਸੈਂਕੜੇ ਬੱਸਾਂ ਦੀ ਖ਼ਰੀਦ ਦੇ ਇੰਨੇ ਵੱਡੇ ਆਰਡਰ ’ਤੇ ਪ੍ਰਤੀ ਬੱਸ 4 ਲੱਖ ਰੁਪਏ ਤੱਕ ਦੀ ਛੋਟ ਦਿੰਦੀਆਂ ਹਨ।

ਮਲੂਕਾ ਨੇ ਕਿਹਾ ਕਿ ਰਾਜਾ ਵੜਿੰਗ ਨੇ 840 ਬੱਸਾਂ ਦੀ ਖ਼ਰੀਦ ਤੇ ਬਾਡੀ ਬਿਲਡਿੰਗ 'ਚ ਕੁੱਲ 60 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੇਸ ਨਿਰਪੱਖ ਜਾਂਚ ਲਈ ਸੀਬੀਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਨੁੰ ਭਰੋਸਾ ਹੈ ਕਿ ਮੁੱਖ ਮੰਤਰੀ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਹੋਣ ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਦਾਅਵੇ ਕਰਦੇ ਹਨ, ਉਹ ਮਾਮਲੇ ਵਿਚ ਤੁਰੰਤ ਕਾਰਵਾਈ ਕਰਨਗੇ। ਜੇਕਰ ਉਹਨਾਂ ਅਜਿਹਾ ਨਾ ਕੀਤਾ ਤਾਂ ਫਿਰ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਕਰਨ ਦੇ ਬਿਆਨ ਸਿਰਫ ਫੋਕੀ ਬਿਆਨਬਾਜ਼ੀ ਮੰਨੀ ਜਾਵੇਗੀ।

ਅਕਾਲੀ ਆਗੂ ਨੇ ਰਾਜਾ ਵੜਿੰਗ ਵੱਲੋਂ ਕੀਤੀਆਂ ਵੱਡੀਆਂ ਬੇਨਿਯਮੀਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਦੋ ਬੱਸ ਕੰਪਨੀਆਂ ਨੇ ਬਾਡੀ ਬਿਲਡਿੰਗ ਵਾਸਤੇ 8 ਲੱਖ 20 ਹਜ਼ਾਰ ਅਤੇ 8 ਲੱਖ 40 ਹਜ਼ਾਰ ਰੁਪਏ ਦੇ ਰੇਟ ਦਿੱਤੇ ਸਨ ਪਰ ਰਾਜਾ ਵੜਿੰਗ ਨੇ ਇਸਦੀ ਪਰਵਾਹ ਨਾ ਕਰਦਿਆਂ 840 ਬੱਸਾਂ ਦੀ ਬਾਡੀ ਬਿਲਡਿੰਗ ਦਾ ਠੇਕਾ ਜੈਪੁਰ ਦੀ ਕੰਪਨੀ ਨੂੰ 11 ਲੱਖ 98 ਹਜ਼ਾਰ ਰੁਪਏ ਪ੍ਰਤੀ ਬੱਸ ਵਿਚ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ 4 ਲੱਖ ਰੁਪਏ ਬੱਸ ਦਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਪੰਜਾਬ ਸਰਕਾਰ ਨੇ ਬੱਸਾਂ ਰਾਜਸਥਾਨ ਲਿਜਾਣ ਤੇ ਲਿਆਉਣ ’ਤੇ 1 ਕਰੋੜ 51 ਲੱਖ ਰੁਪਏ ਖਰਚ ਕਰ ਦਿੱਤੇ ਤੇ ਨਾਲ ਹੀ ਰਾਜਸਥਾਨ ਸਰਕਾਰ ਨੂੰ 18 ਕਰੋੜ ਰੁਪਏ ਟੈਕਸ ਵੀ ਦਿੱਤਾ।

ਸਰਦਾਰ ਮਲੂਕਾ ਨੇ ਦੱਸਿਆ ਕਿ ਪੰਜਾਬ ਵਿਚ ਜਿਸ ਕੰਪਨੀ ਨੇ 8 ਲੱਖ 20 ਹਜ਼ਾਰ ਰੁਪਏ ਵਿਚ ਪ੍ਰਤੀ ਬੱਸ ਬਾਡੀ ਬਿਲਡਿੰਗ ਦੀ ਪੇਸ਼ਕਸ਼ ਕੀਤੀ ਸੀ, ਇਸੇ ਕੰਪਨੀ ਨੇ ਪਿਛਲੇ ਸਮੇਂ ਦੌਰਾਨ ਰਾਜਸਥਾਨ ਰੋਡਵੇਜ਼ ਦੀਆਂ 100 ਬੱਸਾਂ ਦੀ ਬਾਡੀ ਲਗਾ ਕੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸੇ ਕੰਪਨੀ ਨੇ ਪਹਿਲਾਂ 2018 ਵਿਚ 100 ਪੀਆਰਟੀਸੀ ਬੱਸਾਂ ਦਾ ਨਿਰਮਾਣ 7 ਲੱਖ 10 ਹਜ਼ਾਰ ਰੁਪਏ ਪ੍ਰਤੀ ਬੱਸ ਦੇ ਹਿਸਾਬ ਨਾਲ ਕੀਤਾ ਸੀ। ਉਹਨਾਂ ਦੱਸਿਆ ਕਿ ਸਪਸ਼ਟ ਹੈ ਕਿ ਰਾਜਾ ਵੜਿੰਗ ਨੇ ਪੰਜਾਬ ਦੇ ਇਹਨਾਂ ਬਾਡੀ ਬਿਲਡਰਾਂ ਦੀ ਪਰਵਾਹ ਨਹੀਂ ਕੀਤੀ ਜੋ ਆਲਾ ਮਿਆਰੀ ਬਾਡੀ ਬਿਲਡਿੰਗ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਮਹਿੰਗੇ ਭਾਅ ’ਤੇ ਸੂਬੇ ਤੋਂ ਬਾਹਰਲੇ ਬਾਡੀ ਬਿਲਡਰ ਨੁੰ ਠੇਕਾ ਦੇ ਦਿੱਤਾ ਤਾਂ ਜੋ ਰਿਸ਼ਵਤ ਲਈ ਜਾ ਸਕੇ।

ਮਲੂਕਾ ਨੇ ਕਿਹਾ ਕਿ ਇਸੇ ਤਰੀਕੇ ਰਾਜਾ ਵੜਿੰਗ ਇਹ ਜਾਣਦੇ ਸਨ ਕਿ 840 ਬੱਸਾਂ ਦੀ ਖਰੀਦ ’ਤੇ ਕੰਪਨੀਆਂ ਵੱਡੇ ਡਿਸਕਾਉਂਟ ਦਿੰਦੀਆਂ ਹਨ ਪਰ ਵੜਿੰਗ ਨੇ ਬਜਾਏ 4 ਲੱਖ ਰੁਪਏ ਪ੍ਰਤੀ ਬੱਸ ਦਾ ਡਿਸਕਾਉਂਟ ਲੈਣ ਦੀ ਥਾਂ ਇਹ ਸੰਕੇਤ ਦਿੱਤੇ ਕਿ ਉਹ ਖਰੀਦ ਆਰਡਰ ਵਿਚ ਰਿਸ਼ਵਤ ਲੈਣ ਦੇ ਚਾਹਵਾਨ ਹੈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਸੀਬੀਆਈ ਜਾਂਚ ਹੀ ਇਸ ਅੰਤਰ ਰਾਜੀ ਘੁਟਾਲੇ ਦੀ ਸਹੀ ਤਰੀਕੇ ਜਾਂਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਘੁਟਾਲੇ ਦੀ ਨਿਰਪੱਖ ਜਾਂਚ ਹੀ ਚਾਹੇਗੀ। ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ਨੁੰ ਅਪੀਲ ਕੀਤੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ।

Posted By: Shubham Kumar