ਜਾ.ਸ, ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਸਾਬਕਾ ਆਮਦਨ ਕਰ ਅਧਿਕਾਰੀ ਰਾਕੇਸ਼ ਜੈਨ ਨੂੰ ਸੀਬੀਆਈ ਦੀ ਖਾਸ ਅਦਾਲਤ ਨੇ ਛੇ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਪੰਜ ਲੱਖ ਦਾ ਜੁਰਮਾਨਾ ਵੀ ਲਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਰਾਕੇਸ਼ ਜੈਨ ਦੇ ਘਰ ਤੋਂ ਰਿਕਵਰ ਕੀਤੇ ਗਏ ਸੋਨੇ (ਦੋ ਸੋਨੇ ਦੀਆਂ ਇੱਟਾਂ) ਤੇ ਲੱਖਾਂ ਰੁਪਏ ਦੇ ਗਹਿਣਿਆਂ ਨੂੰ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ। ਸੀਬੀਆਈ ਅਦਾਲਤ ਨੇ ਰਾਕੇਸ਼ ਜੈਨ ਨੂੰ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਥੇ ਹੀ ਇਸ ਮਾਮਲੇ ’ਚ ਉਨ੍ਹਾਂ ਦੀ ਪਤਨੀ ਨੂੰ ਬਰੀ ਕਰ ਦਿੱਤਾ ਸੀ। ਸੀਬੀਆਈ ਅਦਾਲਤ ਨੇ ਇਸ ਤੋਂ ਪਹਿਲਾਂ 14 ਫਰਵਰੀ 2020 ਨੂੰ 50 ਹਜ਼ਾਰ ਰੁਪਏ ਰਿਸ਼ਵਤ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ ਚਾਰ ਸਾਲ ਦੀ ਸਜ਼ਾ ਸੁਣਾਈ ਸੀ।

--

ਇਹ ਸੀ ਪੂਰਾ ਮਾਮਲਾ

ਸੀਬੀਆਈ ਨੇ ਦੋ ਫਰਵਰੀ 2013 ਨੂੰ ਸੈਕਟਰ-20 ਨਿਵਾਸੀ ਰੀਅਲ ਐਸਟੇਟ ਤੇ ਸ਼ਰਾਬ ਕਾਰੋਬਾਰੀ ਅਸ਼ੋਕ ਅਰੋੜਾ ਦੀ ਸ਼ਿਕਾਇਤ ’ਤੇ ਰਾਕੇਸ਼ ਜੈਨ ਨੂੰ ਉਸਦੇ ਘਰੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗਿ੍ਰਫਤਾਰ ਕੀਤਾ ਸੀ। ਆਈਟੀਓ ਰਾਕੇਸ਼ ਜੈਨ ਨੇ ਉਸ ਨੂੰ ਫੋਨ ਕਰ ਕੇ ਸਾਲ 2011-12 ਦੇ ਟੈਕਸ ਨੋਟਿਸ ਲੈ ਕੇ ਆਪਣੇ ਦਫਤਰ ਆਉਣ ਲਈ ਕਿਹਾ ਸੀ। ਇਸ ਤੋਂ ਬਾਅਦ ਉਸ ਟੈਕਸ ਨੋਟਿਸ ਨੂੰ ਰਫਾ ਦਫਾ ਕਰਨ ਦੇ ਬਦਲੇ 3.5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ’ਚ 2.5 ਲੱਖ ’ਚ ਸੌਦਾ ੁਪੱਕਾ ਹੋਇਆ ਸੀ। ਸੀਬੀਆਈ ਦੀ ਜਾਂਚ ਟੀਮ ਨੇ ਜਾਲ ਵਿਛਾ ਕੇ ਉਸ ਨੂੰ ਸੈਕਟਰ-22 ਸਥਿਤ ਘਰੋਂ 50 ਹਜ਼ਾਰ ਰੁਪਏ ਲੈਂਦੇ ਹੋਏ ਗਿ੍ਰਫਤਾਰ ਕੀਤਾ ਸੀ। ਸੀਬੀਆਈ ਨੇ ਘਰ ਦੀ ਤਲਾਸ਼ੀ ’ਚ ਕਰੀਬ 25 ਲੱਖ ਰੁਪਏ ਨਕਦ, ਦੋ ਸੋਨੇ ਦੀਆਂ ਇੱਟਾਂ ਤੇ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣਿਆਂ ਦੀ ਬਰਾਮਦਗੀ ਵੀ ਕੀਤੀ ਸੀ। ਇਸ ਤੋਂ ਇਲਾਵਾ ਬੈਂਕ ਲੌਕਰ ਤੋਂ 15 ਲੱਖ ਦੀ ਕੀਮਤ ਦੇ ਸੋਨੇ ਦੇ ਬਿਸਕੁੱਟ, 16 ਬੈਂਕ ਖਾਤੇ ਸਨ, ਜਿਨ੍ਹਾਂ ’ਚ ਲੱਖਾਂ ਰੁਪਏ ਜਮ੍ਹਾਂ ਸੀ। ਇਸਦੇ ਘਰ ਤੋਂ ਸ਼ੇਅਰ ਮਾਰਕੀਟ ’ਚ 60 ਲੱਖ ਰੁਪਏ ਦੇ ਨਿਵੇਸ਼ ਕਾਗਜ਼ਾਤ ਵੀ ਮਿਲੇ ਸਨ। ਇਸ ਤੋਂ ਬਾਅਦ ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ।

ਤਰੀਕ ਮਾਮਲਾ

13 ਫਰਵਰੀ 2013 : ਸੀਬੀਆਈ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗਿ੍ਰਫਤਾਰ ਕੀਤਾ।

14 ਫਰਵਰੀ 2013 : ਘਰੋਂ ਲੱਖਾਂ ਰੁਪਏ ਦਾ ਸੋਨਾ ਤੇ ਗਹਿਣੇ ਬਰਾਮਦ ਹੋਏ।

29 ਮਈ 2013 : ਸੀਬੀਆਈ ਨੇ ਰਾਕੇਸ਼ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ।

14 ਫਰਵਰੀ 2020 : 50 ਹਜ਼ਾਰ ਰੁਪਏ ਰਿਸ਼ਵਤ ਮਾਮਲੇ ’ਚ ਚਾਰ ਸਾਲ ਦੀ ਸਜ਼ਾ।

24 ਮਾਰਚ 2023 : ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਛੇ ਸਾਲ ਦੀ ਸਜ਼ਾ।

Posted By: Sandip Kaur