ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ (Punjab Assembly) ਦੇ ਇਤਿਹਾਸ ਵਿਚ ਅੱਜ ਪਹਿਲੀ ਵਾਰੀ ਇਜਲਾਸ 9.30 ਵਜੇ ਸ਼ੁਰੂ ਹੋ ਰਿਹਾ ਹੈ। ਇਹੀ ਨਹੀਂ ਸ਼ਨਿੱਚਰਵਾਰ ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ ਦਾ ਸੈਸ਼ਨ ਦੀ ਕਾਰਵਾਈ ਚੱਲੇਗੀ। ਜਦਕਿ ਅਤੀਤ 'ਚ ਕਦੇ ਵੀ ਛੁੱਟੀ ਵਾਲੇ ਦਿਨ ਜਾਂ ਸਾਢੇ ਨੌਂ ਵਜੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੋਇਆ।

ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਹਿਮਾਚਲ ਪ੍ਰਦੇਸ਼ ਵਿੱਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਹੋਇਆ ਹੈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਾਮਲ ਹੋਣਾ ਹੈ ਜਿਸ ਕਰਕੇ ਵਿਧਾਨ ਸਭਾ ਦੀ ਕਾਰਵਾਈ ਅੱਧਾ ਘੰਟਾ ਅਗੇਤੀ ਕੀਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ 'ਚ ਪਿਛਲੇ ਸੈਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਗਏ ਭਾਸ਼ਣ 'ਤੇ ਹੋ ਰਹੀ ਚਰਚਾ ਦਾ ਨਿਪਟਾਰਾ ਕਰਨਾ ਹੈ, ਇਸ ਲਈ ਮੁੱਖ ਮੰਤਰੀ ਦਾ ਸਦਨ ਵਿੱਚ ਰਹਿਣਾ ਵੀ ਜ਼ਰੂਰੀ ਹੈ।

ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਵੇਰੇ ਸਾਢੇ ਨੌਂ ਵਜੇ ਪ੍ਰਸ਼ਨ ਕਾਲ ਹੋਵੇਗਾ ਉਸ ਤੋਂ ਬਾਅਦ ਸਿਫ਼ਰ ਕਾਲ ਫਿਰ ਰਾਜਪਾਲ ਦੇ ਭਾਸ਼ਣ ਤੇ ਚਰਚਾ ਆਰੰਭ ਹੋਵੇਗੀ ।

Posted By: Seema Anand