ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਕਿਹਾ ਹੈ ਕਿ ਸੂਬੇ 'ਚ ਮਿਸ਼ਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਫੂਡ ਸੇਫਟੀ ਟੀਮਾਂ ਵੱਲੋਂ ਭੋਜਨ ਪਦਾਰਥਾਂ ਦੀ ਜਾਂਚ ਲਗਾਤਾਰ ਜਾਰੀ ਹੈ।

ਪੰਨੂ ਨੇ ਦਾਅਵਾ ਕੀਤਾ ਕਿ ਜੂਨ ਤੋਂ ਸਤੰਬਰ, 2019 ਦੇ ਚਾਰ ਮਹੀਨਿਆਂ ਦੇ ਵਕਫ਼ੇ ਦਰਮਿਆਨ ਭੋਜਨ ਪਦਾਰਥਾਂ ਦੇ 3548 ਨਮੂਨੇ ਲਏ ਗਏ ਅਤੇ ਜਾਂਚ ਕੀਤੀ ਗਈ। ਜਿਨ੍ਹਾਂ ਪਦਾਰਥਾਂ ਦੇ ਨਮੂਨੇ ਲਏ ਗਏ ਹਨ ਉਨ੍ਹਾਂ ਵਿਚ ਦੁੱਧ, ਪਨੀਰ, ਘਿਓ, ਖੋਆ, ਮਠਿਆਈਆਂ, ਨਮਕੀਨ, ਫਲਾਂ, ਸ਼ਰਾਬ ਅਤੇ ਹੋਰ ਪਦਾਰਥਾਂ ਦੇ ਨਮੂਨੇ ਸ਼ਾਮਲ ਹਨ।

ਕੁੱਲ ਲਏ ਗਏ ਨਮੂਨਿਆਂ ਦਾ 20 ਫੀਸਦੀ ਭਾਵ 719 ਨਮੂਨੇ ਘਟੀਆ ਦਰਜੇ ਦੇ ਪਰ ਵਰਤੋਂ ਯੋਗ ਪਾਏ ਗਏ ਜਦੋਂ ਕਿ 31 ਨਮੂਨੇ ਜੋ 1 ਫੀਸਦੀ ਤੋਂ ਵੀ ਘੱਟ ਬਣਦੇ ਹਨ, ਮਨੁੱਖੀ ਵਰਤੋਂ ਲਈ ਅਸੁਰੱਖਿਅਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਦੇ ਰਿਕਾਰਡ ਅਨੁਸਾਰ ਮਿਲਾਵਟਖੋਰਾਂ ਵਿਰੁੱਧ ਵੱਖ-ਵੱਖ ਅਦਾਲਤਾਂ ਵਿਚ ਮਾਮਲੇ ਦਰਜ ਕੀਤੇ ਗਏ ਹਨ ਅਤੇ 837 ਮਾਮਲਿਆਂ ਵਿਚ 1.48 ਕਰੋੜ ਦੇ ਜੁਰਮਾਨੇ ਲਗਾਏ ਗਏ।

ਪੰਨੂ ਨੇ ਦੱਸਿਆ ਕਿ ਫੂਡ ਸੇਫਟੀ ਟੀਮਾਂ ਵੱਲੋਂ ਮਨੁੱਖੀ ਵਰਤੋਂ ਲਈ ਅਸੁਰੱਖਿਅਤ 1626 ਕਿੱਲੋ ਫ਼ਲ ਅਤੇ ਸਬਜ਼ੀਆਂ ਅਤੇ 354 ਕਿੱਲੋ ਹੋਰ ਭੋਜਨ ਪਦਾਰਥ ਜਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਾਂਚ ਮੁਹਿੰਮਾਂ ਦੇ ਨਾਲ-ਨਾਲ ਜਾਗਰੂਕਤਾ ਪੋ੍ਗਰਾਮ ਵੀ ਚਲਾਏ ਜਾ ਰਹੇ ਹਨ। ਭੋਜਨ ਪਦਾਰਥਾਂ ਦੀ ਸਵੱਛਤਾ ਅਤੇ ਮਿਆਰ ਵਿਚ ਸੁਧਾਰ ਲਿਆਉਣ ਲਈ ਹੁਣ ਤੱਕ 327 ਜਾਗਰੂਕਤਾ ਕੈਂਪ/ਸੈਮੀਨਾਰ/ਵਰਕਸ਼ਾਪ ਲਗਵਾਈਆਂ ਗਈਆਂ। ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਵੀ ਐਫਐਸਐਸਏਆਈ ਦੇ ਨਿਰਦੇਸ਼ਾਂ ਅਤੇ ਫੂਡ ਸੇਫਟੀ ਐਕਟ ਤਹਿਤ ਲਾਜ਼ਮੀ ਕਾਨੂੰਨਾਂ ਦੀ ਪਾਲਣਾ ਲਈ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਨੂੰ ਲੋੜੀਂਦੇ ਲਾਇਸੰਸ/ਰਜਿਸਟ੍ਰੇਸ਼ਨ ਲੈਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।