ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ 71ਵੇਂ ਆਰਮਡ ਫੋਰਸਿਜ਼ ਝੰਡਾ ਦਿਵਸ ਮੌਕੇ ਸੈਨਿਕ ਭਲਾਈ ਪੰਜਾਬ ਚੰਡੀਗੜ੍ਹ ਦੇ ਡਾਇਰੈਕਟਰ ਬਿ੍ਗੇਡੀਅਰ (ਸੇਵਾਮੁਕਤ) ਸਤਿੰਦਰ ਸਿੰਘ ਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਸੈਨਿਕ ਭਲਾਈ ਵਿਭਾਗ ਪੰਜਾਬ ਤੇ ਚੰਡੀਗੜ੍ਹ ਦੇ ਹੋਰ ਅਧਿਕਾਰੀਆਂ ਸਮੇਤ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਪੁਸ਼ਾਕ 'ਤੇ ਆਰਮਡ ਫੋਰਸਿਜ਼ ਦਾ ਝੰਡਾ ਲਗਾਇਆ।

ਰਾਜ ਸੈਨਿਕ ਭਲਾਈ ਦੇ ਸਾਲਾਨਾ ਮੈਗਜ਼ੀਨ ਨੂੰ ਜਾਰੀ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਾਡੀਆਂ ਆਰਮਡ ਫੋਰਸਿਜ਼ ਜੰਗ ਦੌਰਾਨ ਤੇ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੀ ਸੇਵਾ ਬੜੇ ਹੀ ਨਿਵੇਕਲੇ ਢੰਗ ਨਾਲ ਕਰ ਰਹੀਆਂ ਹਨ। ਇਹ ਦਿਨ ਸਾਨੂੰ ਮਾਤ ਭੂਮੀ ਦੀ ਸ਼ਾਨਦਾਰ ਸੇਵਾ ਕਰਨ ਤੇ ਕੁਰਬਾਨੀਆਂ ਦੇਣ ਵਾਲੀਆਂ ਹਥਿਆਰਬੰਦ ਸੈਨਾਵਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਅਸੀਂ ਸ਼ਹੀਦਾਂ ਨੂੰ ਉਨ੍ਹਾਂ ਦੀ ਕੁਰਬਾਨੀ ਤੇ ਹਿੰਮਤ ਲਈ ਸਲਾਮ ਕਰਦੇ ਹਾਂ।

ਸੈਨਿਕਾਂ ਦੀ ਬੇਮਿਸਾਲ ਬਹਾਦਰੀ ਲਈ ਧੰਨਵਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਆਓ ਆਪਾਂ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਯੋਗਦਾਨ ਪਾਉਣ ਦਾ ਵਾਅਦਾ ਕਰੀਏ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਆਰਮਡ ਫੋਰਸਿਜ਼ ਫਲੈਗ ਡੇਅ ਫੰਡ 'ਚ ਯੋਗਦਾਨ ਪਾ ਕੇ ਆਪਣੀ ਦੇਸ਼ ਭਗਤੀ ਤੇ ਨੇਕਦਿਲੀ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ, ਜੰਗ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ, ਫੱਟੜ ਹੋ ਕੇ ਅਪੰਗ ਹੋਏ ਫੌਜੀਆਂ ਦੇ ਮੁੜ ਵਸੇਬੇ 'ਚ ਸਹਿਯੋਗ ਦੇ ਕੇ ਆਰਮਡ ਫੋਰਸਿਜ਼ ਝੰਡਾ ਦਿਵਸ ਨੂੰ ਹੋਰ ਸਫਲ ਬਣਾਉਣ ਲਈ ਅਪੀਲ ਵੀ ਕੀਤੀ।

ਸੈਨਿਕ ਭਲਾਈ ਪੰਜਾਬ ਦੇ ਡਾਇਰੈਕਟਰ ਬਿ੍ਗੇਡ ਸਤਿੰਦਰ ਸਿੰਘ ਅਨੁਸਾਰ ਆਰਮਡ ਫੋਰਸਿਜ਼ ਫਲੈਗ ਡੇਅ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਕਰਕੇ ਆਰਮਡ ਫੋਰਸਿਜ਼ ਝੰਡੇ ਦਾ ਰਵਾਇਤੀ ਪਿਨਿੰਗ ਸਮਾਗਮ 8 ਦਸੰਬਰ ਨੂੰ ਚੰਡੀਗੜ੍ਹ 'ਚ ਕੀਤਾ ਗਿਆ ਸੀ।