ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਜਿਸ ਤਹਿਤ ਆਸ਼ੀਸ਼ ਮਿਸ਼ਰਾ ਪੁੱਤਰ ਅਜੈ ਮਿਸ਼ਰਾ ਟੈਨੀ ਨੂੰ ਅੱਠ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ, ਉੱਤੇ ਨਰਾਜ਼ਗੀ ਤੇ ਚਿੰਤਾ ਪ੍ਰਗਟਾਈ ਹੈ।

ਇਸ ਸਬੰਧੀ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਇੱਥੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਸ਼ੀਸ਼ ਮਿਸ਼ਰਾ ਜੋ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਜਾਣਬੁੱਝ ਕੇ ਆਪਣੀ ਗੱਡੀ ਥੱਲੇ ਦਰੜ ਕੇ ਪੰਜ ਕਤਲਾਂ ਦਾ ਕਥਿਤ ਦੋਸ਼ੀ ਹੈ। ਉਹ ਇੱਕ ਆਮ ਦੋਸ਼ੀ ਨਹੀਂ ਹੈ ਜੋ ਰਹਿਮ ਦਾ ਹੱਕਦਾਰ ਹੋਵੇ ਕਿ ਉਸਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਕਿਉਂਕਿ ਮੁਕੱਦਮੇ ਦੀ ਸਮਾਪਤੀ ਵਿੱਚ ਲੰਬਾ ਸਮਾਂ ਲੱਗੇਗਾ।

ਉਨ੍ਹਾਂ ਕਿਹਾ ਕਿ ਕਾਨੂੰਨ ਦਾ ਇਹ ਮਾਪਦੰਡ ਉਸ ਵਿਅਕਤੀ 'ਤੇ ਲਾਗੂ ਨਹੀਂ ਹੋਣਾ ਚਾਹੀਦਾ ਜੋ ਕਿਸੇ ਘਿਨਾਉਣੇ ਅਪਰਾਧ ਲਈ ਜ਼ਿੰਮੇਵਾਰ ਹੈ ਅਤੇ ਮੁਕੱਦਮੇ ਨੂੰ ਪ੍ਰਭਾਵਿਤ ਕਰਨ, ਗਵਾਹਾਂ ਨੂੰ ਧਮਕਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਸਥਿਤੀ ਵਿਚ ਹੈ। ਉਸ ਦੀ ਬਰਾਬਰੀ ਉਨ੍ਹਾਂ ਨਿਰਦੋਸ਼ ਕਿਸਾਨਾਂ ਨਾਲ ਵੀ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੂੰ ਇਸ ਸਮੇਂ ਗੰਭੀਰ ਅਤੇ ਅਚਾਨਕ ਭੜਕਾਹਟ ਦੇ ਕਾਰਨ ਹੋਈ ਕਾਰਵਾਈ ਲਈ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਬਰਾਬਰੀ ਵਾਲੇ ਨਿਆਂ ਦੇ ਮੱਦੇਨਜ਼ਰ ਅਸ਼ੀਸ਼ ਮਿਸ਼ਰਾ ਦੀ ਅੰਤ੍ਰਿਮ ਜ਼ਮਾਨਤ ਅੱਠ ਹਫ਼ਤਿਆਂ ਬਾਅਦ ਨਾ ਵਧਾਈ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਕਿਸਾਨ ਅਖੌਤੀ ਕਾਰਪੋਰੇਟ ਵਿਕਾਸ ਮਾਡਲ ਦੁਆਰਾ ਸੂਬੇ ਦੇ ਪਾਣੀਆਂ ਦੀ ਲੁੱਟ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਵਿਰੁੱਧ 3 ਫਰਵਰੀ ਨੂੰ ਸ਼ੁਰੂ ਕੀਤੇ ਜਾਣ ਵਾਲੇ ਮੋਰਚੇ ਲਈ ਕਮਰ ਕੱਸ ਰਹੇ ਹਨ। ਮੋਰਚੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਹਜ਼ਾਰਾਂ ਕਿਸਾਨਾਂ ਦੀ ਟਰੈਕਟਰ ਟਰਾਲੀਆਂ ਸਮੇਤ 3 ਫਰਵਰੀ ਨੂੰ ਚੰਡੀਗੜ੍ਹ ਵਿਖੇ ਆਪਣੇ ਪਾਣੀ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਪਹੁੰਚਣ ਦੀ ਉਮੀਦ ਹੈ।

Posted By: Shubham Kumar