ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਖ਼ਾਲਸਾ ਫੁੱਟਬਾਲ ਕਲੱਬ ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਅਤੇ ਚੰਡੀਗੜ੍ਹ 'ਚ 23 ਨਵੰਬਰ ਤੋਂ 7 ਦਸੰਬਰ ਤਕ ਹੋਣ ਵਾਲਾ 'ਸਿੱਖ ਫੁੱਟਬਾਲ ਕੱਪ' ਹੁਣ 30 ਜਨਵਰੀ ਤੋਂ 8 ਫਰਵਰੀ ਤਕ ਪੰਜਾਬ ਤੇ ਚੰਡੀਗੜ੍ਹ ਦੇ ਵੱਖ-ਵੱਖ ਖੇਡ ਸਟੇਡੀਅਮਾਂ 'ਚ ਹੋਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਖ਼ਾਲਸਾ ਫੁੱਟਬਾਲ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਬਤ-ਸੂਰਤ ਖਿਡਾਰੀਆਂ ਲਈ ਕਰਵਾਇਆ ਜਾ ਰਿਹਾ ਇਹ ਫੁੱਟਬਾਲ ਟੂਰਨਾਮੈਂਟ ਪਹਿਲਾਂ 23 ਨਵੰਬਰ ਤੋਂ 7 ਦਸੰਬਰ ਤਕ ਕਰਵਾਇਆ ਜਾਣਾ ਸੀ ਪਰ ਇਨ੍ਹਾਂ ਦਿਨਾਂ 'ਚ ਹੋਣ ਵਾਲੇ ਵੱਖ-ਵੱਖ ਟੂਰਨਾਮੈਂਟਾਂ ਅਤੇ ਹੋਰ ਨਾ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਨੂੰ ਦੇਖਦਿਆਂ ਹੁਣ ਇਹ ਪਹਿਲਾ ਸਿੱਖ ਫੁੱਟਬਾਲ ਕੱਪ 30 ਜਨਵਰੀ ਤੋਂ ਸ਼ੁਰੂ ਹੋਵੇਗਾ।

ਉਨਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜਿਸਟਰਡ ਖ਼ਾਲਸਾ ਐੱਫਸੀ ਵੱਲੋਂ ਫੀਫਾ ਦੇ ਨਿਯਮਾਂ ਤਹਿਤ ਨਾਕ-ਆਊਟ ਵਿਧੀ ਦੇ ਆਧਾਰ 'ਤੇ ਹੋਣ ਵਾਲੇ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿਚ 14 ਸਾਲ ਤੋਂ 21 ਸਾਲ ਤੱਕ ਦੀ ਉਮਰ ਦੇ ਸਾਬਤ-ਸੂਰਤ ਖਿਡਾਰੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਸਿੱਖ ਫੁੱਟਬਾਲ ਕੱਪ ਵਿਚ ਖੇਡਣ ਵਾਲੀਆਂ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੀਆਂ ਕੇਸਾਧਾਰੀ ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਦਿੱਤਾ ਜਾਵੇਗਾ।