ਜੈ ਸਿੰਘ ਛਿੱਬਰ, ਚੰਡੀਗੜ੍ਹ : Punjab Budget Session 2021 : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਬਾਅਦ ਵਿਧਾਨ ਸਭਾ 'ਚ ਹਾਜ਼ਰ ਹੋਏ। ਉਹ ਪਰਗਟ ਸਿੰਘ ਦੇ ਨਾਲ ਇੱਕੋ ਗੱਡੀ 'ਚ ਵਿਧਾਨ ਸਭਾ ਪੁੱਜੇ। ਰਾਜਪਾਲ ਦੇ ਵਿਧਾਨ ਸਭਾ ਪਹੁੰਚਣ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਕਾਲੀ ਦਲ ਨੇ ਸਦਨ 'ਚ 'ਰਾਜਪਾਲ ਗੋ ਬੈਕ' ਦੇ ਨਾਅਰੇ ਲਾਏ। ਅਕਾਲੀਆਂ ਨੇ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਵੈੱਲ ਤਕ ਪਹੁੰਚ ਗਏ। ਇਸ ਤੋਂ ਇਲਾਵਾ ਸੈਸ਼ਨ 2 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ। 2 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋ ਂਬਾਅਦ ਕਾਰਵਾਈ ਮੰਗਵਲਾਰ ਸਵੇਰੇ 10 ਵਜੇ ਤਕ ਮੁਲਤਵੀ ਕਰ ਦਿੱਤੀ ਗਈ।

ਮੀਡੀਆ ਮੁਲਾਜ਼ਮਾਂ ਨਾਲ ਗੱਲ ਕਰਦਿਆਂ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਫ੍ਰੈਂਡਲੀ ਮੈਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਰੋਕਿਆ ਹੋਇਆ ਹੈ, ਉਸ ਰਾਜਪਾਲ ਦਾ ਵਿਰੋਧ ਨਾ ਕਰ ਕੇ ਕੈਪਟਨ ਸਰਕਾਰ ਮਿਲੀਭਗਤ ਸਾਬਿਤ ਕਰ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਸ 'ਤੇ ਸਪਸ਼ਟੀਕਰਨ ਵੀ ਮੰਗਿਆ ਹੈ।

ਅਕਾਲੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੀ ਕਾਪੀਆਂ ਫਾੜੀਆਂ ਤੇ ਰਾਜਪਾਲ ਦੇ ਸਵਾਗਤ ਲਈ ਵਿਛਾਇਆ ਗਿਆ ਰੈੱਡ ਕਾਰਪੇਟ ਹਟਾ ਦਿੱਤਾ। ਅਕਾਲੀ ਦਲ ਦੇ ਨਾਲ ਆਪ ਵਿਧਾਇਕ ਵੀ ਵੈੱਲ 'ਚ ਨਾਅਰੇਬਾਜ਼ੀ ਕਰ ਰਹੇ ਹਨ। ਵਿਰੋਧੀ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਹੀ ਸਦਨ 'ਚ ਪਹੁੰਚੇ ਹਨ। ਲੋਕ ਇਨਸਾਫ਼ ਪਾਰਟੀ ਦੇ ਦੋਵੇਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਸਿਮਰਜੀਤ ਸਿੰਘ ਬੈਂਸ ਵਾਕਆਊਟ ਕਰ ਚੱਲੇ ਗਏ ਹਨ।

ਭਾਸ਼ਣ 'ਚ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਕੋਰੋਨਾ ਕਾਲ 'ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਕੀਤੀ। ਰਾਜਪਾਲ ਨੇ ਕਿਹਾ ਕਿ ਸੂਬੇ 'ਚ ਹਰ ਰੋਜ਼ 26500 ਟੈਸਟ ਕੀਤੇ ਜਾ ਰਹੇ ਹਨ। ਰਾਜਪਾਲ ਨੇ ਕਿਹਾ ਕਿ 3 ਪਲਾਜ਼ਮਾਂ ਬੈਂਕ ਵੀ ਬਣਾਏ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਉਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਨਹੀਂ ਕੱਟੇ ਗਏ ਜਿਨ੍ਹਾਂ ਨੇ ਬਿੱਲ ਨਹੀਂ ਭਰੇ। 5 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਭੇਜਣ ਦਾ ਪ੍ਰਬੰਧ ਕੀਤਾ। ਰਾਜਪਾਲ ਨੇ ਕਿਹਾ ਕਿ ਮਹਾਮਾਰੀ ਨੂੰ ਰੋਕ ਲਿਆ ਗਿਆ ਹੈ ਪਰ ਇਹ ਲਾਪਰਵਾਹੀ ਵਰਤਣ ਦਾ ਸਮਾਂ ਨਹੀਂ ਹੈ।

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦਾ ਅੰਤਿਮ ਬਜਟ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਨਾਲ ਹੀ ਵਿਧਾਨ ਸਭਾ ਦੇ ਇਤਿਹਾਸ 'ਚ ਇਕ ਨਵਾਂ ਪਾਠ ਵੀ ਇਸੇ ਦਿਨ ਜੁੜ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਪੰਜਾਬ ਵਿਧਾਨ ਸਭਾ ਦੇ ਘਿਰਾਓ ਦਾ ਐਲ਼ਾਨ ਕੀਤਾ ਹੈ, ਉੱਥੇ ਕਾਂਗਰਸ ਵੱਲੋਂ ਪੈਟਰੋਲ-ਡੀਜ਼ਲ ਤੇ ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਰਾਜਭਵਨ ਦਾ ਘਿਰਾਓ ਕਰੇਗੀ।

Posted By: Amita Verma