ਜੇਐੱਨਐੱਨ, ਚੰਡੀਗੜ੍ਹ : ਦੀਵਾਲੀ ਕਾਰਨ ਫਾਇਰ ਬਿ੍ਗੇਡ ਵਿਭਾਗ ਨੇ 25 ਤੋਂ 28 ਅਕਤੂਬਰ ਤਕ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ 'ਤੇ ਕਾਬੂ ਪਾਉਣ ਲਈ ਨਗਰ ਨਿਗਮ ਨੇ ਪੂਰੀ ਤਿਆਰੀ ਕਰ ਲਈ ਹੈ। ਇਨ੍ਹਾਂ ਤਿਆਰੀਆਂ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਫਾਇਰ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਗਈ ਹੈ। ਪੂਰੇ ਸ਼ਹਿਰ ਨੂੰ ਸੱਤ ਜ਼ੋਨ 'ਚ ਵੰਡ ਦਿੱਤਾ ਗਿਆ ਹੈ। ਸਾਰੇ ਜ਼ੋਨ 'ਚ 260 ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਵੀ ਤੈਅ ਕੀਤਾ ਗਿਆ ਹੈ ਕਿ ਸੈਕਟਰ-15 ਦੀ ਪਟੇਲ ਮਾਰਕੀਟ, ਸੈਕਟਰ-19 ਦਾ ਸਦਰ ਬਾਜ਼ਾਰ ਤੇ ਸੈਕਟਰ-22 ਦੀ ਸ਼ਾਸਤਰੀ ਮਾਰਕੀਟ 'ਚ ਸਥਾਈ ਤੌਰ 'ਤੇ ਗੱਡੀਆਂ ਪਾਰਕ ਰਹਿਣਗੀਆਂ।

ਸਥਾਈ ਤੌਰ 'ਤੇ ਤਾਇਨਾਤ ਰਹਿਣਗੀਆਂ ਅੱਗ ਬੁਝਾਊ ਗੱਡੀਆਂ

ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਜਿੱਥੇ ਪਟਾਕਿਆਂ ਦੀਆਂ ਨੌ ਸਾਈਟਾਂ ਬਣਾਈਆਂ ਜਾਣਗੀਆਂ, ਉਥੇ ਸਥਾਈ ਤੌਰ 'ਤੇ ਅੱਗ ਬੁਝਾਈ ਵਿਭਾਗ ਦੀਆਂ ਗੱਡੀਆਂ ਖੜ੍ਹੀਆਂ ਰਹਿਣਗੀਆਂ। ਫਾਇਰ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਪਲਾਨ ਸ਼ਹਿਰ ਵਾਸੀਆਂ ਦੀ ਜਾਣਕਾਰੀ ਲਈ ਨਗਰ ਨਿਗਮ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਰਮਚਾਰੀਆਂ ਨਾਲ ਅੱਠ ਮੋਟਰਸਾਈਕਲ ਪੂਰੇ ਸ਼ਹਿਰ ਦੀ ਪੈਟਰੋਲਿੰਗ ਕਰਨਗੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਕੋਲ ਅਜਿਹੇ ਮੋਟਰਸਾਈਕਲ ਹਨ, ਜਿਨ੍ਹਾਂ 'ਚ ਅੱਗ ਬੁਝਾਉਣ ਦੇ ਯੰਤਰ ਲੱਗੇ ਹੋਏ ਹਨ। ਕਮੇਟੀ ਨੇ ਇਹ ਵੀ ਤੈਅ ਕੀਤਾ ਹੈ ਕਿ ਜੋ ਪਟਾਕਾ ਵਿਕ੍ਰੇਤਾ ਅੱਗ ਬੁਝਾਉਣ ਦੇ ਯੰਤਰ, ਰੇਤ ਤੇ ਪਾਣੀ ਨਾ ਰੱਖਣ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਫਾਇਰ ਬਿ੍ਗੇਡ ਵਿਭਾਗ ਦੇ ਕਰਮਚਾਰੀਆਂ ਦੇ ਬਿਹਤਰ ਕੋ-ਆਰਡੀਨੇਸ਼ਨ ਲਈ ਇਕ ਵ੍ਹਟਸ ਐਪ ਗਰੁੱਪ ਬਣਾਇਆ ਜਾਵੇਗਾ। ਕਮੇਟੀ ਦੀ ਬੈਠਕ ਚੇਅਰਮੈਨ ਰਵੀਕਾਂਤ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ 'ਚ ਸਾਬਕਾ ਮੇਅਰ ਅਰੁਣ ਸੂਦ, ਰਾਜਬਾਲਾ ਮਲਿਕ, ਮਹੇਸ਼ ਇੰਦਰ ਸਿੱਧੂ ਤੇ ਚੀਫ ਫਾਇਰ ਅਧਿਕਾਰੀ ਅਨਿਲ ਗਰਗ ਨੇ ਹਿੱਸਾ ਲਿਆ।