ਜੇਐੱਸ ਕਲੇਰ, ਜ਼ੀਰਕਪੁਰ : ਪੀਰਮੁਛੈਲਾ ਖੇਤਰ ਵਿੱਚ ਸਥਿਤ ਇੰਪੀਰੀਅਲ ਰੈਜੀਡੈਂਸੀ ਸੁਸਾਇਟੀ ਦੇ ਇਕ ਫਲੈਟ ਵਿੱਚ ਅੱਜ ਦੇਰ ਸ਼ਾਮ ਅੱਗ ਲੱਗ ਗਈ। ਅੱਗ ਦੀ ਸੂਚਨਾ ਹਰਿਆਣਾ ਅਤੇ ਪੰਜਾਬ ਦੇ ਫਾਇਰ ਸਟੇਸ਼ਨ ਨੂੰ ਦਿੱਤੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਫਾਇਰ ਸਟੇਸ਼ਨ ਦੀਆਂ ਫਾਇਰ ਬਿਰਗੇਡ ਗੱਡੀਆਂ ਸ਼ਾਮ ਨੂੰ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜ਼ੀਰਕਪੁਰ ਵਿੱਚ ਹੋਟਲ ਰਿਮਾਡਾ ਪਲਾਜ਼ਾ ਵਿੱਚ ਕਿਸੇ ਵਿਆਹ ਸਮਾਗਮ ਵਿੱਚ ਆਉਣ ਕਰਕੇ ਵਿਅਸਤ ਸਨ।

ਪੰਚਕੂਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਕੁਝ ਦੇਰੀ ਮਗਰੋਂ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਜਿਸ ਦੌਰਾਨ ਤਕ ਅੱਗ ’ਤੇ ਕਾਬੂ ਪਾ ਲਿਆ ਸੀ। ਅੱਗ ਨਾਲ ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਫਲੈਟ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੌਰਾਨ ਮੌਕੇ ’ਤੇ ਸੁਸਾਇਟੀ ਵਿੱਚ ਭਾਜੜਾਂ ਪੈ ਗਈਆਂ। ਅੱਗ ਐਨੀ ਭੜਕ ਗਈ ਸੀ ਕਿ ਉਸਨੇ ਉੱਪਰਲੀ ਮੰਜਿਲ ’ਤੇ ਸਥਿਤ ਫਲੈਟ ਨੂੰ ਵੀ ਲਪੇਟ ਵਿੱਚ ਲੈ ਲਿਆ ਸੀ ਪਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਮੇਂ ਰਹਿੰਦੇ ਇਸ ’ਤੇ ਕਾਬੂ ਪਾ ਲਿਆ।

ਫਾਇਰ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਉੱਕਤ ਸੁਸਾਇਟੀ ਦੇ ਚੌਥੀ ਮੰਜਿਲ ’ਤੇ ਸਥਿਤ ਇਕ ਫਲੈਟ ਵਿੱਚ ਮੌਜੂਦ ਔਰਤ ਨੇ ਧੂਪ ਜਗਾਈ ਸੀ ਜਿਸ ਮਗਰੋਂ ਉਹ ਫਲੈਟ ਬੰਦ ਕਰ ਹੇਠਾਂ ਗੁਆਂਢੀ ਦੇ ਘਰ ਚਲੀ ਗਈ। ਇਸ ਦੌਰਾਨ ਅਚਾਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਣ ਮਗਰੋਂ ਪੰਚਕੂਲਾ ਫਾਇਰ ਸਟੇਸ਼ਨ ਤੋਂ ਦੋ ਜ਼ੀਰਕਪੁਰ ਤੋਂ ਦੋ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ ਜਿਨ੍ਹਾਂ ਨੇ ਪੌਣੇ ਘੰਟੇ ਦੀ ਮੁਸ਼ਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ।

Posted By: Jagjit Singh