ਜੇ ਐੱਸ ਕਲੇਰ, ਜ਼ੀਰਕਪੁਰ,

ਜ਼ੀਰਕਪੁਰ ਪੁਲਿਸ ਵੱਲੋਂ 17 ਸਾਲਾ ਨਾਬਾਲਿਗਾ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਤੋਂ ਪ੍ਰਰਾਪਤ ਜਾਣਕਾਰੀ ਮੁਤਾਬਿਕ ਨਾਬਾਲਿਗ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਸਦੀ ਲੜਕੀ ਜਿਸ ਦੀ ਉਮਰ ਕਰੀਬ 17 ਸਾਲ ਹੈ ਜੋ ਜ਼ੀਰਕਪੁਰ ਦੇ ਨੇੜੇ ਇਕ ਮਕਾਨ 'ਚ ਝਾੜੂ ਪੋਚੇ ਦਾ ਕੰਮ ਕਰਦੀ ਸੀ ਤੇ ਇੱਥੇ ਹੀ ਰਹਿੰਦੀ ਸੀ। 18 ਸਤੰਬਰ ਨੂੰ ਉਸਦੀ ਲੜਕੀ ਬਿਨਾਂ ਕੁਝ ਦੱਸੇ ਕੀਤੇ ਚਲੇ ਗਈ ਤੇ ਘਰ ਵਾਪਸ ਨਹੀਂ ਆਈ। ਜਿਸ ਦੀ ਉਨ੍ਹਾਂ ਆਪਣੇ ਤੌਰ 'ਤੇ ਕਾਫ਼ੀ ਭਾਲ ਕੀਤੀ ਪਰ ਨਹੀਂ ਮਿਲੀ। ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਕੋਈ ਅਣਪਛਾਤਾ ਵਿਅਕਤੀ ਉਸਦੀ ਲੜਕੀ ਨੂੰ ਵਰਗਲਾ, ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਮਾਮਲੇ ਦੇ ਪੜਤਾਲੀਆ ਅਫ਼ਸਰ ਏਐੱਸਆਈ ਨਾਥੀ ਰਾਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।