*ਟੈਂਟ ਮਾਲਕ 'ਤੇ ਘਰ 'ਚ ਵੜ੍ਹ ਕੇ ਹਮਲਾ ਕਰਨ ਦਾ ਦੋਸ਼

13ਸੀਐੱਚਡੀ 904,ਪੀ ,905 ਪੀ,

ਡੇਰਾਬੱਸੀ ਸਿਵਲ ਹਸਪਤਾਲ 'ਚ ਜੇਰੇ ਇਲਾਜ ਦੀਪਕ ਕੁਮਾਰ ਤੇ ਰਾਜਨ ਦੀ ਤਸਵੀਰ।

ਦੂਜੀ ਧਿਰ ਦੇ ਟੈਂਟ ਮਾਲਕ ਸੰਜੂ ਕੁਮਾਰ ਹਸਪਤਾਲ 'ਚ ਲੱਗੀਆਂ ਸੱਟਾਂ ਦਿਖਾਉਂਦਾ ਹੋਇਆ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਨਜ਼ਦੀਕੀ ਪਿੰਡ ਤੋਂ ਸੁੰਡਰਾਂ ਵਿਖੇ ਇਕ ਵਿਆਹ ਸਮਾਗਮ 'ਚ ਟੈਂਟ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਨਵ-ਵਿਆਹੇ ਮੁੰਡੇ ਦੇ ਦੋ ਚਚੇਰੇ ਭਰਾ ਗੰਭੀਰ ਫੱਟੜ ਹੋ ਗਏ। ਜਿਨ੍ਹਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫੱਟੜਾਂ ਦੀ ਪਛਾਣ ਦੀਪਕ ਕੁਮਾਰ ਤੇ ਉਸ ਦੇ ਛੋਟਾ ਭਰਾ ਰਾਜਨ ਪੁੱਤਰਾਨ ਸੁਰਿੰਦਰਪਾਲ ਸਿੰਘ ਵਜੋਂ ਹੋਈ ਹੈ। ਹਾਲਾਂਕਿ ਟੈਂਟ ਮਾਲਕ ਸੰਜੂ ਵੀ ਸੱਟਾਂ ਲੱਗਣ ਕਾਰਨ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਜਾਣਕਾਰੀ ਦਿੰਦਿਆਂ ਨਵ-ਵਿਆਹੁਤਾ ਮਨੀਸ਼ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਸੁੰਡਰਾਂ ਨੇ ਦੱਸਿਆ ਕਿ 10 ਤਰੀਕ ਨੂੰ ਉਸ ਦੀ ਬਰਾਤ ਚੜ੍ਹਨੀ ਸੀ ਤੇ 9 ਤਰੀਕ ਨੂੰ ਮੇਲ ਦਾ ਸਮਾਰੋਹ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਟੈਂਟ ਮਾਲਕ ਵੱਲੋਂ ਕੀਤੇ ਗਏ ਕਰਾਰ ਮੁਤਾਬਕ ਉਸ ਵੱਲੋਂ ਪੂਰੇ ਟੈਂਟ ਦਾ ਪ੍ਰਬੰਧ ਨਹੀਂ ਕੀਤਾ ਗਿਆ। ਵਿਆਹ ਸਮਾਰੋਹ ਪੂਰਾ ਹੋਣ ਮਗਰੋਂ ਉਸ ਨੇ ਅੱਜ ਬੁੱਧਵਾਰ ਨੂੰ ਆਪਣੇ ਵੇਟਰਾਂ ਨਾਲ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ ਚਚੇਰੇ ਭਰਾ ਰਾਜਨ ਤੇ ਦੀਪਕ ਕੁਮਾਰ ਦੇ ਸਿਰ 'ਚ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਉਧਰ ਦੂਜੀ ਧਿਰ ਦੇ ਟੈਂਟ ਮਾਲਕ ਸੰਜੂ ਨੇ ਦੋਸ਼ ਲਾਇਆ ਕਿ ਉਹ ਵਿਆਹ ਸਮਾਗਮ 'ਚ ਲਗਾਏ ਟੈਂਟ ਦੇ ਪੈਸੇ ਲੈਣ ਗਏ ਸਨ। ਉਨ੍ਹਾਂ ਪੈਸੇ ਦੇਣ ਦੀ ਬਜਾਏ ਉਨ੍ਹਾਂ ਦੀ ਮਾਰਕੁੱਟ ਕੀਤੀ। ਉਸ ਦੀ ਉਂਗਲੀ ਤੇ ਸਰੀਰ 'ਤੇ ਸੱਟਾਂ ਲੱਗੀਆਂ ਹਨ ਜਦਕਿ ਭਰਾ ਦੇ ਵੀ ਸੱਟਾਂ ਵੱਜੀਆਂ ਹਨ। ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।