ਸੁਰਜੀਤ ਸਿੰਘ ਕੋਹਾੜ, ਲਾਲੜੂ : ਅੱਗ ਲੱਗਣ ਕਾਰਨ ਪਿੰਡ ਮਗਰਾ ਤੇ ਲਾਲੜੂ ਦੇ 7 ਕਿਸਾਨਾਂ ਦੀ ਕਰੀਬ 16 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਾ। ਖੇਤਾਂ 'ਚ ਲੱਗੀ ਅੱਗ ਨੂੰ ਪਿੰਡ ਵਾਸੀਆਂ ਅਤੇ ਫਾਇਰ ਬਿ੍ਗੇਡ ਦੀ ਮਦਦ ਨਾਲ ਅੱਧੇ ਘੰਟੇ 'ਚ ਬੁਝਾਇਆ ਗਿਆ। ਜਾਣਕਾਰੀ ਅਨੁਸਾਰ ਅੱਜ ਪਿੰਡ ਲਾਲੜੂ ਤੋਂ ਮਗਰਾ ਸੰਪਰਕ ਸੜਕ ਨੇੜੇ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ, ਜੋ ਦੇਖਦਿਆਂ ਹੀ ਦੇਖਦਿਆਂ ਖੇਤਾਂ 'ਚ ਫੈਲ ਗਈ। ਅੱਗ ਦਾ ਪਤਾ ਲੱਗਣ 'ਤੇ ਮਗਰਾ ਤੇ ਲਾਲੜੂ ਪਿੰਡਾਂ ਦੇ ਲੋਕ ਮੌਕੇ 'ਤੇ ਇਕੱਤਰ ਹੋ ਗਏ ਅਤੇ ਅੱਗ ਬੁਝਾਉਣ 'ਚ ਜੁੱਟ ਗਏ। ਘਟਨਾ ਦੀ ਜਾਣਕਾਰੀ ਫਾਇਰ ਬਿ੍ਗੇਡ ਨੂੰ ਵੀ ਦਿੱਤੀ ਗਈ।

ਸੂਚਨਾ ਮਿਲਣ ਤੇ ਮੌਕੇ 'ਤੇ ਡੇਰਾਬੱਸੀ ਤੋਂ ਅੱਗ ਬੁਝਾਉਣ ਵਾਲਿਆਂ ਪੁੱਜੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਘਟਨਾਂ 'ਚ ਕਿਸਾਨ ਹਰਪਾਲ ਸਿੰਘ ਨੰਬਰਦਾਰ ਦੀ 4 ਏਕੜ, ਬਿਕਰਮ ਸਿੰਘ ਦੀ 2 ਏਕੜ, ਧੂਮ ਸਿੰਘ ਦੀ 4 ਏਕੜ, ਧਰਮਪਾਲ ਸਿੰਘ ਦੀ 2 ਏਕੜ, ਦਵਿੰਦਰ ਸਿੰਘ ਦੀ 2 ਏਕੜ, ਰਵੀ ਦੀ 1 ਏਕੜ, ਡਾ. ਸਿਵ ਰਾਮ ਦੀ 1 ਏਕੜ ਕਣਕ ਦੀ ਫ਼ਸਲ ਸੜ੍ਹ ਕੇ ਸੁਆਹ ਹੋ ਗਈ ਹੈ। ਭਾਜਪਾ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਤੰਗ ਨਾ ਝੱਲਣੀ ਪਵੇ।