5 ਮਹੀਨੇ ਦੇ ਮਾਸੂਮ ਪੁੱਤਰ ਦੀ ਹੱਤਿਆ ਦੇ ਮਾਮਲੇ ’ਚ ਪਿਤਾ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ
ਮਾਸੂਮ ਪੁੱਤਰ ਦੀ ਹੱਤਿਆ ਦੇ ਮਾਮਲੇ ’ਚ ਪਿਤਾ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ
Publish Date: Wed, 12 Nov 2025 07:13 PM (IST)
Updated Date: Wed, 12 Nov 2025 07:13 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ੀਰਕਪੁਰ ਥਾਣੇ ਵਿਚ ਦਰਜ ਐੱਫਆਈਆਰ ਨੰ. 296 ਮਿਤੀ 13 ਜੂਨ 2022 ਦੇ ਮਾਮਲੇ ਵਿਚ, ਮੁਹਾਲੀ ਅਦਾਲਤ ਨੇ ਦੇਹਰਾਦੂਨ (ਉੱਤਰਾਖੰਡ) ਨਿਵਾਸੀ ਅਭਿਸ਼ੇਕ ਸ਼ਰਮਾ ਨੂੰ ਆਪਣੇ ਪੰਜ ਮਹੀਨਿਆਂ ਦੇ ਮਾਸੂਮ ਪੁੱਤਰ ਸਾਰਥਕ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਦੋਸ਼ੀ ਅਭਿਸ਼ੇਕ ਸ਼ਰਮਾ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਘਰੇਲੂ ਝਗੜੇ ਮਗਰੋਂ ਕਤਲ ਪੁਲਿਸ ਜਾਂਚ ਅਨੁਸਾਰ, ਅਭਿਸ਼ੇਕ ਨੇ ਆਪਣੀ ਪਤਨੀ ਨਿਕਿਤਾ ਨਾਲ ਘਰੇਲੂ ਝਗੜੇ ਤੋਂ ਬਾਅਦ, ਜ਼ੀਰਕਪੁਰ ਸਥਿਤ ਕਿਰਾਏ ਦੇ ਫਲੈਟ, ਪੈਂਟਾ ਹੋਮਜ਼, ਵਿਚ ਆਪਣੇ ਪੰਜ ਮਹੀਨਿਆਂ ਦੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਘਿਨਾਉਣੇ ਕਾਰਨਾਮੇ ਤੋਂ ਬਾਅਦ, ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿਚ ਬਲੇਡ ਨਾਲ ਆਪਣੇ ਗੁੱਟ ਤੇ ਵੀ ਵਾਰ ਕੀਤੇ ਸਨ। ਜਾਂਚ ਅਧਿਕਾਰੀ ਇੰਸਪੈਕਟਰ ਨਿਰਮਲ ਸਿੰਘ ਦੀ ਟੀਮ ਨੇ ਮੌਕੇ ਤੋਂ ਖ਼ੂਨ ਨਾਲ ਲਿਬੜੀ ਚਾਦਰ, ਚੱਪਲ ਅਤੇ ਵਰਤਿਆ ਗਿਆ ਬਲੇਡ ਬਰਾਮਦ ਕੀਤਾ ਸੀ। ਪੁਲਿਸ ਟੀਮ ਦੀ ਸ਼ਲਾਘਾ : ਡੀਐੱਸਪੀ ਹਰਜੀਤ ਸਿੰਘ ਨੇ ਜਾਂਚ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਂਚ ਟੀਮ ਨੇ ਬੇਮਿਸਾਲ ਸਮਰਪਣ ਅਤੇ ਸਟੀਕਤਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਜ਼ਾ ਉਨ੍ਹਾਂ ਮਾਸੂਮ ਪੀੜਤਾਂ ਲਈ ਨਿਆਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ, ਜੋ ਆਪਣਾ ਬਚਾਅ ਖ਼ੁਦ ਨਹੀਂ ਕਰ ਸਕਦੇ।