ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਗਤੀਰੋਧ ਵਧਦਾ ਹੀ ਜਾ ਰਿਹਾ ਹੈ। ਕਿਸਾਨਾਂ ਦੇ ਸਮਰਥਨ ਤੇ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੇ ਉਨ੍ਹਾਂ ਦੀ ਗਠਜੋੜ ਪਾਰਟੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ। ਬੁੱਧਵਾਰ ਨੂੰ ਇਸ ਪ੍ਰਦਰਸ਼ਨ ਦੌਰਾਨ ਸੰਸਦ ਦੇ ਗੇਟ ਨੰਬਰ-4 'ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਵਿਚਕਾਰ ਤਿੱਖੀ ਨੌਕਝੋਂਕ ਦੇਖਣ ਨੂੰ ਮਿਲੀ। ਇਸ ਦੌਰਾਨ ਆਗੂਆਂ ਨੇ ਇਕ-ਦੂਜੇ 'ਤੇ ਦੱਬ ਕੇ ਨਿਸ਼ਾਨੇ ਵਿੰਨ੍ਹੇ।

ਕਾਂਗਰਸੀ ਸੰਸਦ ਮੈਂਬਰ ਬਿੱਟੂ ਨੇ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਨੌਂਟੰਕੀ ਦੱਸਦਿਆਂ ਕਿਹਾ ਕਿ ਜਦੋਂ ਕਾਨੂੰਨ ਪਾਸ ਹੋਏ ਤਾਂ ਹਰਸਿਮਰਤ ਕੌਰ ਬਾਦਲ ਮੰਤਰੀ ਸੀ। ਕਾਨੂੰਨ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਹੁਣ ਝੂਠ ਬੋਲ ਰਹੀ ਹੈ ਕਿ ਮੈਂ ਕੈਬਨਿਟ 'ਚ ਮੰਤਰੀ ਨਹੀਂ ਸੀ। ਬਿੱਟੂ ਨੇ ਕਿਹਾ ਕਿ ਇਹ ਪ੍ਰਧਾਨ ਨਰਿੰਦਰ ਮੋਦੀ ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਬੈਠੀ ਸੀ। ਇੰਨਾ ਹੀ ਨਹੀਂ ਦੋ ਮਹੀਨੇ ਲਗਾਤਾਰ ਅਕਾਲੀ ਦਲ ਨੇ ਬਿੱਲ ਦੇ ਹੱਕ 'ਚ ਵੀ ਗੱਲ ਕੀਤੀ। ਦੂਜੇ ਪਾਸੇ, ਹਰਸਿਮਰਤ ਕੌਰ ਬਾਦਲ ਨੇ ਆਪਣੀ ਸਫਾਈ 'ਚ ਜ਼ੋਰਦਾਰ ਨਾਅਰੇ ਲਾਉਂਦਿਆਂ ਕਿਹਾ ਕਿ ਇਹ ਦੱਸਣ, ਰਾਹੁਲ ਗਾਂਧੀ ਨੇ ਇਨ੍ਹਾਂ ਕਾਨੂੰਨਾਂ ਲਈ ਅਜੇ ਤਕ ਕੀ ਕੀਤਾ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਹਮੋ-ਸਾਹਮਣੇ ਹੋਣ ਦੀ ਇਹ ਪਹਿਲੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਾਰੇ ਸਿਆਸੀ ਪਾਰਟੀਆਂ ਆਪਣੇ-ਆਪਣੇ ਪੱਧਰ 'ਤੇ ਵੀ ਬਿਆਨਬਾਜ਼ੀ ਕਰ ਰਹੇ ਸਨ। ਜੂਨ 2020 'ਚ ਜਦੋਂ ਖੇਤੀ ਬਿੱਲ ਅਸਲ 'ਚ ਆਇਆ ਸੀ ਉਸ ਸਮੇਂ ਪੰਜਾਬ 'ਚ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ। ਕਾਂਗਰਸ ਦੇ ਤਤਕਾਲੀ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਇਸ ਬਿੱਲ ਦੇ ਵਿਰੋਧ 'ਚ ਇਕੱਲਿਆਂ ਹੀ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਸੀ। ਉਸ ਸਮੇਂ ਅਕਾਲੀ ਦਲ ਐੱਨਡੀਏ ਦਾ ਹਿੱਸਾ ਹੁੰਦਾ ਸੀ ਤੇ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੁੰਦੀ ਸੀ।

Posted By: Amita Verma