ਜੈ ਸਿੰਘ ਛਿੱਬਰ, ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ ’ਤੇ ਰਾਜਸੀ ਪਾਰਟੀਆਂ ਸ਼ੁੱਕਰਵਾਰ ਨੂੰ ਕਾਲਾ ਦਿਵਸ ਮਨਾਉਣਗੀਆਂ ਤੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਸੜਕਾਂ ’ਤੇ ਕੁੱਦਣਗੀਆਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ’ਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਪਾਰਲੀਮੈਂਟ ਹਾਊਸ ਤਕ ਸ਼ਾਂਤਮਈ ਰੋਸ ਮਾਰਚ ਕੱਢੇਗਾ ਤੇ ਆਮ ਆਦਮੀ ਪਾਰਟੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਿਜਦਾ ਕਰਨ ਲਈ ਸੂਬੇ ਵਿਚ ਮੋਮਬੱਤੀ ਮਾਰਚ ਕੱਢੇਗੀ।

ਭਾਵੇਂ ਦੇਸ਼ ਦੀ ਰਾਜਧਾਨੀ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਕਰਨ ਦੀ ਦਿੱਲੀ ਪੁਲਿਸ ਨੇ ਆਗਿਆ ਨਹੀਂ ਦਿੱਤੀ ਪਰ ਅਕਾਲੀ ਦਲ ਗੁਰਦੁਆਰਾ ਸ੍ਰੀ ਰਕਾਬਗੰਜ ਤੋਂ ਪਾਰਲੀਮੈਂਟ ਹਾਊਸ ਤਕ ਰੋਸ ਮਾਰਚ ਕੱਢਣ ਲਈ ਬਜ਼ਿੱਦ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਭਾਵੇਂ ਪੁਲਿਸ ਗ੍ਰਿਫ਼ਤਾਰ ਕਰ ਲਵੇ ਪਰ ਰੋਸ ਮਾਰਚ ਹਰ ਹਾਲਤ ਵਿਚ ਕੱਢਿਆ ਜਾਵੇਗਾ।

ਪ੍ਰਾਪਤ ਵੇਰਵਿਆਂ ਅਨੁਸਾਰ, ਵੀਰਵਾਰ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਅਕਾਲੀ ਵਰਕਰਾਂ ਨੇ ਬੱਸਾਂ, ਕਾਰਾਂ ਰਾਹੀਂ ਦਿੱਲੀ ਨੂੰ ਕੂਚ ਕਰ ਦਿੱਤਾ ਹੈ ਅਤੇ ਕਈ ਹਲਕਿਆਂ ਵਿਚੋਂ ਸ਼ੁੱਕਰਵਾਰ ਤੜਕਸਾਰ ਰਵਾਨਾ ਹੋਣ ਦੀਆਂ ਰਿਪੋਰਟਾਂ ਹਨ। ਦੱਸਿਆ ਜਾਂਦਾ ਹੈ ਕਿ ਦਿੱਲੀ ਵਿਚ ਸ਼ਕਤੀ ਪ੍ਰਦਰਸ਼ਨ ਕਰਨ ਲਈ ਹਰੇਕ ਹਲਕੇ ਵਿਚ ਬੱਸਾਂ ਤੇ ਬੰਦਿਆਂ ਦਾ ਕੋਟਾ ਲਗਾਇਆ ਗਿਆ ਹੈ।

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿਚ ਹਰ ਹਾਲਤ ’ਚ ਸ਼ਾਂਤਮਈ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਪਾਸ ਹੋਏ ਇਕ ਸਾਲ ਹੋ ਗਿਆ ਹੈ ਤੇ ਪਿਛਲੇ ਇਕ ਸਾਲ ਤੋਂ ਕਿਸਾਨ ਵਿਰੋਧ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਇਸ ਲਈ ਅਕਾਲੀ ਦਲ ਸਰਕਾਰ ਨੂੰ ਜਗਾਉਣ ਲਈ ਦਿੱਲੀ ਵਿਚ ਰੋਸ ਮਾਰਚ ਕਰ ਰਿਹਾ ਹੈ ਕਿ ਸ਼ਾਇਦ ਸਰਕਾਰ ਦੀ ਅੱਖ ਖੁੱਲ੍ਹ ਜਾਵੇ। ਉਨ੍ਹਾਂ ਕਿਹਾ ਕਿ ਆਜ਼ਾਦ ਦੇਸ਼ ਵਿਚ ਸੰਘਰਸ਼ ਨਹੀਂ ਕਰ ਸਕਦੇ ਤਾਂ ਫਿਰ ਹੋਰ ਕਿੱਥੇ ਕੀਤਾ ਜਾਵੇਗਾ। ਚੀਮਾ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣਾ ਗ਼ੈਰ ਸੰਵਿਧਾਨਕ ਹੈ, ਅਕਾਲੀ ਦਲ ਗੁਰਦੁਆਰਾ ਰਕਾਬਗੰਜ ਸਾਹਿਬ ਤੋ ਸੰਸਦ ਭਵਨ ਤਕ ਹਰ ਹਾਲਤ ਵਿਚ ਸ਼ਾਂਤਮਈ ਮਾਰਚ ਕਰੇਗਾ। ਜੇਕਰ ਦਿੱਲੀ ਪੁਲਿਸ ਨੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਕਰ ਲਵੇ।

ਕਾਲੀਆਂ ਪੱਟੀਆਂ ਬੰਨ੍ਹ ਕੇ ਮੋਮਬੱਤੀ ਮਾਰਚ ਕਰੇਗੀ ‘ਆਪ’

ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਸੂਬੇ ਭਰ ’ਚ ਮੋਮਬੱਤੀ ਮਾਰਚ ਰਾਹੀਂ ਸ਼ਰਧਾਂਜਲੀ ਦਿੱਤੀ ਜਾਵੇਗੀ। ਸੰਧਵਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਇਕ ਸਾਲ ਤੋਂ ਦੇਸ਼ ਭਰ ਵਿਚ ਧਰਨਿਆਂ ’ਤੇ ਡਟੇ ਹੋਏ ਕੁਰਬਾਨੀਆਂ ਦੇ ਰਹੇ ਹਨ। ਸੰਧਵਾਂ ਨੇ ਦੋਸ਼ ਲਾਇਆ ਕਿ ਕਿਸਾਨ ਅਤੇ ਗਰੀਬ ਵਿਰੋਧੀ ਕਾਲੇ ਖੇਤੀ ਕਾਨੂੰਨ ਬਣਾਉਣ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਕਾਲੇ ਕਾਨੂੰਨ ਬਣਾਉਣ ਵਿਚ ਨਰਿੰਦਰ ਮੋਦੀ ਸਰਕਾਰ ਦਾ ਸਾਥ ਦਿੱਤਾ ਅਤੇ ਖੇਤੀ, ਕਿਸਾਨ ਅਤੇ ਖੇਤੀ ’ਤੇ ਨਿਰਭਰ ਹੋਰ ਵਰਗਾਂ ਦੀ ਆਰਥਿਕ ਬਰਬਾਦੀ ਦੀ ਇਬਾਰਤ ਲਿਖੀ।

Posted By: Jagjit Singh