ਜੇ ਐੱਸ ਕਲੇਰ, ਜ਼ੀਰਕਪੁਰ

ਕੇਂਦਰ-ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਦੇਸ਼-ਭਰ ਦੀਆਂ ਕਿਸਾਨ-ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਕੇਂਦਰ ਮੋਦੀ-ਸਰਕਾਰ ਦੀ ਅੜ ਭੰਨਣ ਦੇ ਰੌਂਅ 'ਚ ਅੱਜ ਦਿੱਲੀ ਵਲ ਨੂੰ ਰਵਾਨਾ ਹੋ ਗਿਆ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੋਂ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਦੀ ਸਰਹੱਦ ਨੂੰ ਸੀਲ਼ ਕਰ ਦਿੱਤਾ ਸੀ ਪਰ ਕਿਸਾਨਾਂ ਅੱਗੇ ਪੁਲਿਸ ਦੀ ਹਰ ਕੋਸ਼ਿਸ਼ ਨਾਕਾਮ ਸਾਬਿਤ ਹੋਈ। ਮੁਹਾਲੀ ਜ਼ਿਲ੍ਹੇ ਨਾਲ ਲੱਗਦੇ ਝਰਮੜੀ ਬਾਡਰ ਕੋਲ਼ੋਂ ਪਿੰਡਾਂ ਦੇ ਕਿਸਾਨਾਂ ਦਾ ਕਾਫ਼ਲਾ ਗੁਜ਼ਰਨ ਕਾਰਨ ਮੁਹਾਲੀ ਜ਼ਿਲ੍ਹੇ ਦੀ ਜ਼ੀਰਕਪੁਰ ਪੁਲਿਸ ਅਤੇ ਪ੍ਰਸ਼ਾਸਨ ਨੇ ਬੈਰੀਕੇਡਿੰਗ ਕਰ ਕੇ ਆਮ ਪਬਲਿਕ ਦੀ ਸਹੂਲਤ ਲਈ ਜ਼ੀਰਕਪੁਰ ਸ਼ਹਿਰ 'ਚ ਵੀ ਬਦਲਵੇਂ ਰਸਤਿਆਂ ਦਾ ਪ੍ਰਬੰਧ ਕੀਤਾ ਸੀ ਆਵਾਜਾਈ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਚੰਡੀਗੜ੍ਹ-ਅੰਬਾਲਾ ਸੜਕ ਲਈ 3 ਥਾਵਾਂ 'ਤੇ ਬੈਰੀਕੇਡਿੰਗ ਕਰ ਲੋਕਾਂ ਨੂੰ ਬਦਲਵੇਂ ਰਸਤਿਆਂ ਤੋਂ ਭੇਜਿਆ। ਆਮ ਜਨਤਾ ਨੂੰ ਜਾਣੂੰ ਕਰਵਾਉਣ ਲਈ ਇਸ ਮਾਰਗ 'ਤੇ ਫਲੈਕਸ ਬੋਰਡ ਲਗਾ ਕੇ ਟਰੈਫਿਕ ਨੂੰ ਬਿੱਗ-ਬਾਜ਼ਾਰ ਨਜ਼ਦੀਕ ਰੋਕਾਂ ਲਗਾ ਕੇ ਪੰਚਕੂਲਾ ਵੱਲ ਨੂੰ ਮੋੜ ਦਿੱਤਾ, ਇਸ ਤੋਂ ਇਲਾਵਾ ਟ੍ਰੈਫਿਕ ਨੂੰ ਸਿੰਘਪੁਰਾ ਮੋੜ ਤੋਂ ਮੁਬਾਰਕਪੁਰ ਅਤੇ ਮੈੱਕ-ਡੀ ਚੌਕ ਤੋਂ ਛੱਤ ਪਿੰਡ ਵੱਲ ਨੂੰ ਮੋੜ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਕੁੱਝ ਥਾਵਾਂ 'ਤੇ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਖੱਜਲ-ਖੁਆਰ ਵੀ ਹੋਣਾ ਪਿਆ। ਕਿਸਾਨਾਂ ਦੇ ਲੰਬੇ ਕਾਫ਼ਲਿਆਂ ਨੂੰ ਭਾਂਪਦਿਆਂ ਐੱਸਐੱਸਪੀ ਮੁਹਾਲੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਸਪੀ (ਟ੍ਰੈਫਿਕ) ਗੁਰਜੋਤ ਸਿੰਘ ਕਲੇਰ ਖੁਦ ਜ਼ੀਰਕਪੁਰ ਚ ਟ੍ਰੈਫਿਕ ਵਿਵਸਥਾ ਸੁਚਾਰੂ ਰੱਖਣ ਲਈ ਮੌਕੇ 'ਤੇ ਪੁੱਜ ਗਏ। ਇਸ ਮੌਕੇ ਉਨ੍ਹਾਂ ਨਾਲ ਡੀਐੱਸਪੀ ਟਰੈਫਿਕ ਗੁਰਇਕਬਾਲ ਸਿੰਘ, ਡੀਐੱਸਪੀ ਜ਼ੀਰਕਪੁਰ ਅਮਰੋਜ਼ ਸਿੰਘ, ਟ੍ਰੈਫਿਕ ਇੰਚਾਰਜ ਜ਼ੀਰਕਪੁਰ ਇੰਸਪੈਕਟਰ ਓਮਵੀਰ ਸਿੰਘ ਅਤੇ ਐੱਸਐੱਚਓ ਜ਼ੀਰਕਪੁਰ ਰਾਜਪਾਲ ਸਿੰਘ ਗਿੱਲ ਵੀ ਟ੍ਰੈਫਿਕ ਨੂੰ ਬਦਲਵੀਆਂ ਰਸਤਿਆਂ ਰਾਹੀਂ ਸੁਚਾਰੂ ਰੱਖਣ ਲਈ ਮਸ਼ਰੂਫ਼ ਰਹੇ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਪੀ (ਟ੍ਰੈਫਿਕ) ਗੁਰਜੋਤ ਸਿੰਘ ਕਲੇਰ ਨੇ ਕਿਹਾ ਕਿ ਟ੍ਰੈਫਿਕ ਅਤੇ ਜਨਤਕ ਆਵਾਜਾਈ ਪ੍ਰਣਾਲੀਆਂ ਦੇ ਕੰਮਕਾਜ ਨੂੰ ਸੁਵਿਧਾ ਦੇਣ ਅਤੇ ਜਨਤਾ ਦੀ ਸ਼ਾਂਤੀ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਕਿਸਾਨਾਂ ਦੇ ਦਿੱਲੀ ਚੱਲੋ ਦੇ ਸੱਦੇ ਨੂੰ ਵੇਖਦੇ ਹੋਏ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਏ ਰੱਖਣ ਲਈ ਕਾਲਕਾ ਚੌਕ, ਸਿੰਘਪੁਰਾ ਚੌਕ ਅਤੇ ਮੈਕ-ਡੀ ਚੌਕ ਤੋਂ ਟ੍ਰੈਫਿਕ ਨੂੰ ਡਾਇਵਰਟ ਕਰ ਕੇ ਬਦਲਵੇਂ ਰਸਤਿਆਂ ਰਾਹੀਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਦਾ ਕਰਨ ਲਈ ਢੱੁਕਵੇਂ ਪ੍ਰਬੰਧ ਕੀਤੇ ਗਏ ਅਤੇ ਐਮਰਜੈਂਸੀ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਬਿਨਾਂ ਕਿਸੇ ਵਿਘਨ ਤੋਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਦੀ ਸਹੂਲਤ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਵਿਸ਼ੇਸ਼ ਬੈਨਰ ਬਣਵਾਏ ਗਏ ਸਨ, ਜਿਨ੍ਹਾਂ ਨੂੰ ਬਦਲਵੇਂ ਰਸਤਿਆਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ।