ਜੇਐੱਨਐੱਨ, ਬਰਵਾਲਾ/ਰਾਏਪੁਰਰਾਣੀ

ਕਿਸਾਨਾਂ ਨੇ ਝੋਨੇ ਦੀ ਖ਼ਰੀਦ ਨਾ ਹੋਣ 'ਤੇ ਅਨਾਜ ਮੰਡੀਆਂ ਵਿਚ ਤਿੱਖਾ ਰੋਸ ਮੁਜ਼ਾਹਰਾ ਕੀਤਾ। ਬਰਵਾਲਾ, ਰਾਏਪੁਰਰਾਣੀ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਨੇ ਤਾਲਾ ਲਾ ਦਿੱਤਾ ਹੈ। ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਇਸ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਜਜਪਾ ਦੀ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਈ ਦਿਨਾਂ ਤੋਂ ਅਨਾਜ ਮੰਡੀਆਂ ਵਿਚ ਉਹ ਝੋਨਾ ਲੈ ਕੇ ਆ ਰਹੇ ਹਨ ਪਰ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ।

ਉਨ੍ਹਾਂ ਨੰੂ ਗੇਟ ਪਾਸ ਦਾ ਮੈਸਜ ਦੇ ਕੇ ਅਨਾਜ ਮੰਡੀ ਵਿਚ ਸੱਦਿਆ ਗਿਆ ਸੀ ਉਹ ਝੋਨਾ ਵੇਚਣ ਦੀ ਤਾਂਘ ਲੈ ਕੇ ਇੱਥੇ ਪੁੱਜੇ ਪਰ ਵੇਖਿਆ ਕਿ ਇੱਥੇ ਝੋਨੇ ਦੀ ਖ਼ਰੀਦ ਨਹੀਂ ਹੋ ਰਹੀ ਹੈ। ਹਜ਼ਾਰਾਂ ਕੁਇੰਟਲ ਝੋਨੇ ਦੀ ਫ਼ਸਲ ਨੀਲੇ ਅੰਬਰ ਹੇਠਾਂ ਖੁੱਲ੍ਹੇ ਵਿਚ ਪਈ ਹੈ। ਅਨਾਜ ਮੰਡੀ ਵਿਚ ਹਾਲੇ ਤਾਈਂ ਬਾਰਦਾਨਾ ਵੀ ਨਹੀਂ ਪੁੱਜਦਾ ਕੀਤਾ ਗਿਆ। ਅਜਿਹੇ ਵਿਚ ਕਿਸਾਨਾਂ ਨੂੁੰ ਇਹ ਿਫ਼ਕਰ ਵੱਢ ਵੱਢ ਕੇ ਖਾ ਰਿਹਾ ਹੈ ਕਿ ਜੇ ਕਿਤੇ ਮੌਸਮ ਖ਼ਰਾਬ ਹੋ ਗਿਆ ਅਤੇ ਇਸ ਮਗਰੋਂ ਮੀਂਹ ਪੈ ਗਏ ਤਾਂ ਉਨ੍ਹਾਂ ਦੀ ਫ਼ਸਲ ਮੰਡੀ ਵਿਚ ਵੀ ਬਰਬਾਦ ਹੋ ਜਾਵੇਗੀ।

ਇਸ ਮੌਕੇ ਕਾਲਕਾ ਵਿਧਾਨ ਸਭਾ ਤੋਂ ਕਾਂਗਰਸੀ ਵਿਧਾਇਕ ਪ੍ਰਦੀਪ ਚੌਧਰੀ ਵੀ ਕਾਸ਼ਤਕਾਰਾਂ ਦੀ ਹਮਾਇਤ ਵਿਚ ਨਿੱਤਰ ਪਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਤੇ ਸੂਬੇ ਦੀ ਹਕੂਮਤ ਨੂੰ ਇਨ੍ਹਾਂ ਮੰਗਾਂ ਵੱਲ ਛੇਤੀ ਗ਼ੌਰ ਕਰ ਕੇ ਹੱਲ ਕਰਨ ਦੀ ਦਿਸ਼ਾ ਵਿਚ ਅੱਗੇ ਵਧਣਾ ਚਾਹੀਦਾ ਹੈ। ਇਸ ਦੌਰਾਨ ਵਿਧਾਇਕ ਚੌਧਰੀ ਨੇ ਆਪਣੇ ਤੌਰ 'ਤੇ ਕਾਸ਼ਤਕਾਰਾਂ ਦੇ ਮਸਲੇ ਸੁਣੇ ਤੇ ਕਿਹਾ ਕਿ ਉਹ ਇਨ੍ਹਾਂ ਮੰਗਾਂ ਦੇ ਛੇਤੀ ਹੱਲ ਵਾਸਤੇ ਯਤਨ ਕਰਨਗੇ ਤੇ ਜਿੱਥੋਂ ਤਕ ਹੋ ਸਕੇਗਾ ਸੁਹਿਰਦ ਯਤਨ ਕਰ ਕੇ ਕਿਸੇ ਅੰਜਾਮ ਤਕ ਪਹੁੰਚਣਗੇ।