ਜੈ ਸਿੰਘ ਛਿੱਬਰ, ਚੰਡੀਗੜ੍ਹ : ਹਾੜ੍ਹੀ ਦੇ ਸੀਜ਼ਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਵੱਲੋਂ ਲਾਏ ਗਏ ਮੋਰਚਿਆਂ ਦੀ ਕਮਾਨ ਹੁਣ ਪੰਜਾਬ ਦੇ ਮੁਲਾਜ਼ਮ ਸੰਭਾਲਣਗੇ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀਟੀਐੱਫ) ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪੀਐੱਸਐੱਫ) ਦੇ ਝੰਡੇ ਹੇਠ ਪੰਜਾਬ ਤੋਂ ਸੈਂਕੜੇ ਮੁਲਾਜ਼ਮਾਂ ਨੇ 11 ਅਪ੍ਰਰੈਲ ਨੂੰ ਦਿੱਲੀ ਲਈ ਵਹੀਰਾਂ ਘੱਤਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਕ ਹਰ ਹਫ਼ਤੇ ਮੁਲਾਜ਼ਮ ਡਿਊਟੀ ਮੁਤਾਬਕ ਨਵੇਂ ਕਾਫ਼ਲੇ ਆਉਂਦੇ ਰਹਿਣਗੇ।

ਮੁਲਾਜ਼ਮ ਆਗੂਆਂ ਨੇ ਇਹ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ ਦਿੱਲੀ ਦੇ ਕਿਸਾਨ ਮੋਰਚਿਆਂ ਨੂੰ ਮਜ਼ਬੂਤ ਰੱਖਣ ਲਈ ਲਿਆ ਹੈ ਕਿਉਂਕਿ ਕਣਕ ਦੀ ਵਾਢੀ ਹੋਣ ਕਰ ਕੇ ਕਿਸਾਨ ਕਣਕ ਸੰਭਾਲਣਗੇ। ਕਿਸਾਨਾਂ ਅਮਰਪਾਲ ਸਿੰਘ, ਪਵਿੱਤਰ ਸਿੰਘ, ਗੁਰਦੀਪ ਸਿੰਘ, ਰਣਦੀਪ ਸਿੰਘ ਨੇ ਦੱਸਿਆ ਹੈ ਕਿ ਤੇਜ਼ ਹਵਾਵਾਂ ਕਰ ਕੇ ਫ਼ਸਲ ਖੇਤਾਂ ਵਿਚ ਵਿਛ ਗਈ ਹੈ। ਕੇਂਦਰ ਸਰਕਾਰ ਵੱਲੋਂ ਚੁੱਪ-ਚੁਪੀਤੇ ਨਰਮੇ ਦੇ ਬੀਟੀ ਬੀਜ ਮੁੱਲ ਵਿਚ ਵਾਧਾ ਕੀਤੇ ਜਾਣਾ ਨਿਖੇਧੀਯੋਗ ਹੈ, ਨਰਮੇ ਦੇ ਬੀਟੀ ਵਿਚ 37 ਰੁਪਏ ਪ੍ਰਤੀ ਪੈਕੇਟ ਦਾ ਵਾਧਾ ਕਰ ਕੇ ਆਰਥਿਕ ਝਟਕਾ ਦਿੱਤਾ ਗਿਆ ਹੈ। ਕਿਸਾਨਾਂ 'ਤੇ 14 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।

ਕਿਸਾਨ ਆਗੂਆਂ ਨੇ ਕੇਂਦਰ-ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਿਜਲੀ ਸੋਧ ਬਿਲ-2020 ਨੂੰ ਕਾਨੂੰਨ ਵਿਚ ਬਦਲਣ ਦੀ ਤਿਆਰੀ ਨਾ ਕਰੇ, ਜੇ ਅਜਿਹਾ ਹੁੰਦਾ ਹੈ ਤਾਂ ਇਹ ਵਾਅਦਾਖਿਲਾਫੀ ਹੋਵੇਗੀ ਕਿਉਂਕਿ ਕੇਂਦਰੀ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਬਿਲ ਨੂੰ ਠੰਢੇ ਬਸਤੇ ਪਾ ਦਿੱਤਾ ਜਾਵੇਗਾ।