ਜਾ.ਸ, ਮੁਹਾਲੀ : ਚੰਡੀਗੜ੍ਹ-ਮੁਹਾਲੀ ਬਾਰਡਰ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇੱਥੋਂ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਮੁਹਾਲੀ ਫੇਜ਼-7 ਵਾਈਪੀਐਸ ਚੌਕ ਨੇੜੇ ਸੜਕ ’ਤੇ ਬੈਰੀਕੇਡ ਲਗਾ ਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਕਾਰਨ ਮੁਹਾਲੀ ਵੱਲ ਜਾਣ ਵਾਲੇ ਕਈ ਰਸਤਿਆਂ ਨੂੰ ਵੀ ਮੋੜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਕੱਢੇ ਜਾ ਰਹੇ ਨੈਸ਼ਨਲ ਹਾਈਵੇਅ 205-ਏ ਵਿੱਚ ਆਉਂਦੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਸੜਕਾਂ ’ਤੇ ਆ ਗਏ ਹਨ।

ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਦੇ ਬਾਹਰ ਸੈਂਕਡ਼ੇ ਕਿਸਾਨ ਇਕੱਠੇ ਹੋ ਰਹੇ ਹਨ। ਸੰਯੁਕਤ ਕਿਸਾਨ ਕਮੇਟੀ ਵੱਲੋਂ ਵਿਸ਼ਾਲ ਧਰਨੇ ਦੇ ਸੱਦੇ ਤੋਂ ਬਾਅਦ ਪੰਜਾਬ ਭਰ ਵਿਚੋਂ 23 ਕਿਸਾਨ ਜਥੇਬੰਦੀਆਂ ਮੋਹਾਲੀ ਪਹੁੰਚੀਆਂ ਹਨ। ਉਥੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਪ੍ਰਸ਼ਾਸਨ ਵਿਚ ਅਲਰਟ ਹੋ ਗਿਆ ਹੈੈ। ਮੁਹਾਲੀ ਵਿਚ ਪੁਲਿਸ ਨੇ ਪੁਖਤਾ ਇੰਤਜ਼ਾਮ ਕਰ ਲਏ ਹਨ। ਸੋਮਵਾਰ ਰਾਤ ਨੂੰ ਹੀ ਚੰਡੀਗਡ਼੍ਹ ਮੁਹਾਲੀ ਬਾਰਡਰ ਨੂੰ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ 13 ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਦੁਪਹਿਰ ਬਾਅਦ ਕਿਸਾਨ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਰਵਾਨਾ ਹੋਣਗੇ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਮੁੱਖ ਮੰਤਰੀ ਹਾਊਸ ਦੇ ਬਾਹਰ ਪੱਕਾ ਧਰਨਾ ਦੇਣਗੇ। ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਹਾਜ਼ਰ ਹਨ। ਇਸ ਵੇਲੇ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ। ਮੀਟਿੰਗ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ।

ਪੁਲਿਸ ਨੇ ਰੋਡ ਕੀਤਾ ਡਾਇਵਰਟ

ਕਿਸਾਨਾਂ ਦੇ ਵਿਸ਼ਾਲ ਧਰਨੇ ਦੇ ਸੱਦੇ ਤੋਂ ਬਾਅਦ ਪੁਲਿਸ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਰਸਤਾ ਮੋੜ ਲਿਆ ਹੈ। ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਕਿਸਾਨ ਇਕੱਠੇ ਹੋਏ ਹਨ। ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਆਉਣ ਵਾਲੇ ਰਸਤੇ ਨੂੰ ਸੈਕਟਰ-70 ਲਾਈਟ ਪੁਆਇੰਟ ਤੋਂ ਫੇਜ਼-5 ਵੱਲ ਮੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫੇਜ਼-10 ਤੋਂ ਫੇਜ਼-7 ਨੂੰ ਆਉਣ ਵਾਲੇ ਰੂਟ ਨੂੰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਮੁਹਾਲੀ ਆਉਣ ਵਾਲੇ ਰੂਟ ਨੂੰ ਵੀ ਡਾਇਵਰਟ ਕਰਕੇ ਸੈਕਟਰ-52 ਵਾਲੇ ਪਾਸੇ ਤੋਂ ਟਰੈਫਿਕ ਹਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ 3ਬੀ2 ਤੋਂ ਫੇਜ਼-10 ਨੂੰ ਜਾਣ ਵਾਲੇ ਰਸਤੇ ਨੂੰ ਵੀ ਮੋੜ ਦਿੱਤਾ ਗਿਆ ਹੈ ਅਤੇ ਟਰੈਫਿਕ ਨੂੰ ਸੈਕਟਰ-70 ਵੱਲ ਮੋੜ ਦਿੱਤਾ ਗਿਆ ਹੈ।

Posted By: Tejinder Thind