ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਨੂੰ ਕਾਰਪੋਰੇਟ ਕੰਪਨੀਆਂ ਦੇ ਹਿੱਤ ਪੂਰਨ ਵਾਲੀ ਤੇ ਕਿਸਾਨ ਵਿਰੋਧੀ ਦੱਸਿਆ ਹੈ। ਕਮੇਟੀ ਨੇ ਕਿਹਾ ਹੈ ਕਿ ਕਿਸਾਨ 15 ਅਗਸਤ ਨੂੰ ਆਜ਼ਾਦੀ ਦਿਹਾੜਾ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿਚ ਕਾਲੇ ਦਿਵਸ ਵਜੋਂ ਮਨਾਉਣਗੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੇ। ਉਨ੍ਹਾਂ ਕਿਹਾ ਕਿ ਆਹਲੂਵਾਲੀਆ ਦੀ ਅਗਵਾਈ ਵਿਚ ਮਾਹਰਾਂ ਦੀ ਟੀਮ ਨੇ ਜੋ ਮੁੱਢਲੀ ਰਿਪੋਰਟ ਸਰਕਾਰ ਨੂੰ ਸੌਂਪੀ ਹੈ, ਉਸ ਵਿਚ ਜਨਤਕ ਅਦਾਰੇ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਦੀ ਗੱਲ ਕਹੀ ਗਈ ਹੈ ਜਿਵੇਂ ਸਰਕਾਰੀ ਥਰਮਲ ਪਲਾਂਟਾ ਨੂੰਸਨਅਤੀ ਪਾਰਕ ਬਣਾਉਣ, ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਬੰਦ ਕਰਨ,ਖੇਤੀ ਸੁਧਾਰਾਂ ਦੇ ਨਾਂ 'ਤੇ ਕੀਤੇ ਤਿੰਨੇ ਆਰਡੀਨੈਂਸ ਨੂੰ ਪੰਜਾਬ ਵਿਚ ਲਾਗੂ ਕਰਨ, ਕਿਸਾਨਾਂ ਦੀ ਜ਼ਮੀਨ ਠੇਕੇ 'ਤੇ ਕਾਰਪੋਰੇਟਾਂ ਨੂੰ ਦੇਣ ਲਈ ਕਾਨੂੰਨ ਵਿਚ ਸੋਧ ਕਰ ਕੇ ਸੁਖਾਲਾ ਬਣਾਉਣ ਤਾਂ ਜੋ ਉਹ ਕੰਟਰੈਕਟ ਖੇਤੀ ਤੇ ਬੀਜਾਂ ਦਾ ਕਾਰੋਬਾਰ ਕਰ ਸਕਣ ਤੇ ਕਾਰਪੋਰੇਟ ਕੰਪਨੀਆਂ ਨੂੰ 1500 ਕਰੋੜ ਸਾਲਾਨਾ ਦੀ ਟੈਕਸ ਛੋਟ ਦੇਣ ਆਦਿ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਹਲੂਵਾਲੀਆ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਕਿਸਾਨ ਵਿਰੋਧੀ ਤੇ ਕਾਰਪੋਰੇਟ ਕੰਪਨੀਆਂ ਦੇ ਹਿੱਤ ਪੂਰਨ ਵਾਲੀਆਂ ਦੱਸਦਿਆਂ ਉਕਤ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆਂ ਹਜ਼ਾਰਾਂ ਪਿੰਡਾਂ 'ਚ ਕਿਸਾਨ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣਗੇ ਤੇ ਰੋਸ ਮੁਜ਼ਾਹਰੇ ਕਰਨਗੇ। 7 ਸਤੰਬਰ ਨੂੰ ਪੰਜਾਬ ਦੇ 9 ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਹਜ਼ਾਰਾਂ ਕਿਸਾਨ ਮਜ਼ਦੂਰ ਆਪਣੇ ਆਪ ਨੂੰ ਗਿ੍ਫ਼ਤਾਰੀਆਂ ਲਈ ਪੇਸ਼ ਕਰਨਗੇ ਤੇ ਪੰਜਾਬ ਸਰਕਾਰ ਨੂੰ ਜੇਲ੍ਹਾਂ ਦੇ ਬੂਹੇ ਖੋਲਣ ਲਈ ਵੱਡੇ ਐਕਸ਼ਨ ਕਰ ਕੇ ਮਜਬੂਰ ਕਰ ਦਿੱਤਾ ਜਾਵੇਗਾ।