ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਆਲੂਆਂ, ਮਟਰਾਂ ਅਤੇ ਹੋਰ ਸਬਜ਼ੀਆਂ ਜੋ ਖੇਤਾਂ ਵਿਚ ਪੱਟੀਆਂ ਪਈਆਂ ਹਨ, ਦੀ ਸੰਭਾਲ ਕਰਨ ਲਈ ਸਰਕਾਰ ਤੋਂ ਕਰਫਿਊ 'ਚ ਛੋਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦਾ ਸੀਜ਼ਨ ਕੋਲਡ ਸਟੋਰਾਂ ਵਿਚ ਰੱਖਣ ਲਈ 31 ਮਾਰਚ ਤਕ ਚੱਲਦਾ ਹੈ।

ਹਜ਼ਾਰਾਂ ਟਨ ਆਲੂ, ਮਟਰ ਤੇ ਟਮਾਟਰ ਆਦਿ ਸਬਜ਼ੀਆਂ ਦੇ ਖੇਤਾਂ ਵਿਚ ਢੇਰ ਲੱਗੇ ਪਏ ਹਨ,ਜਿਨ੍ਹਾਂ ਨੂੰੰ ਸੰਭਾਲਣ ਲਈ ਇਕ ਮਹੀਨਾ ਲੱਗ ਸਕਦਾ ਹੈ।ਕਿਸਾਨਾਂ ਕੋਲ ਲੇਬਰ ਮੋਟਰਾਂ ਅਤੇ ਘਰਾਂ ਵਿਚ ਵੇਹਲੀ ਬੈਠੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਲੇਬਰ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ, ਕਿਉਂਕਿ 10 ਅਪ੍ਰੈਲ ਤੋਂ ਬਾਅਦ ਕਣਕ ਦੀ ਕਟਾਈ ਦਾ ਸੀਜ਼ਨ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਲੱਖੋਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਈ ਕੋਲਡ ਸਟੋਰ ਵੀ ਬੰਦ ਕਰਵਾਏ ਗਏ ਹਨ,ਇਨ੍ਹਾਂ ਕੋਲਡ ਸਟੋਰਾਂ ਨੂੰ ਵੀ ਖੁੱਲ੍ਹਵਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ, ਸਬਜ਼ੀਆਂ ਦਾ ਬੀਜ ਸਟੋਰ ਵਿਚ ਰੱਖ ਸਕਣ।

ਲੱਖੋਵਾਲ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿਉਂਕਿ ਇਹ ਬਹੁਤ ਵੱਡੀ ਮਹਾਮਾਰੀ ਹੈ।ਕਿਸਾਨ ਯੂਨੀਅਨ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕਰ ਰਹੀ ਹੈ।ਇਸ ਨਾਲ ਨਜਿੱਠਣ ਲਈ ਕਿਸਾਨ ਯੂਨੀਅਨ ਘਰਾਂ ਵਿਚ ਸਬਜ਼ੀਆਂ ਅਤੇ ਹੋਰ ਸਾਮਾਨ ਭੇਜਣ ਲਈ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੇੇਗੀ।