ਜੇਐੱਨਐੱਨ, ਚੰਡੀਗੜ੍ਹ : ਯੂਪੀ ਦੇ ਹਾਥਰਸ 'ਚ ਦਰਿੰਦਗੀ ਦੀ ਸ਼ਿਕਾਰ ਹੋਈ ਲੜਕੀ ਦੇ ਨਾਂ 'ਤੇ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਮਿ੍ਤਕ ਲੜਕੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ, ਜਿਸ ਦੀ ਜਾਣਕਾਰੀ ਲੱਗਣ 'ਤੇ ਮਿ੍ਤਕ ਦੇ ਪਿਤਾ ਮੋਹਨ ਲਾਲ ਯਾਦਵ ਨੇ ਐੱਸਐੱਸਪੀ ਵਿਡੋ 'ਤੇ ਬੇਟੀ ਦੀ ਗਲਤ ਤਸਵੀਰ ਵਾਇਰਲ ਕਰਨ ਦੀ ਸ਼ਿਕਾਇਤ ਦਿੱਤੀ ਹੈ।

ਐੱਸਐੱਸਪੀ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਸਬੰਧਤ ਥਾਣਾ ਪੁਲਿਸ ਤੇ ਸਾਈਬਰ ਸੈੱਲ ਨੂੰ ਕੇਸ ਟਰਾਂਸਫਰ ਕਰ ਦਿੱਤਾ ਗਿਆ ਹੈ। ਫਿਲਹਾਲ ਸਾਈਬਰ ਸੈੱਲ ਦੀ ਟੀਮ ਫੋਟੋ ਸ਼ੇਅਰ ਕਰਨ ਵਾਲੇ ਦੋਸ਼ੀ ਦੀ ਭਾਲ 'ਚ ਡਾਟਾ ਖੰਗਾਲ ਰਹੀ ਹੈ।

ਸ਼ਿਕਾਇਤਕਰਤਾ ਮੋਹਨ ਲਾਲ ਯਾਦਵ ਪਰਿਵਾਰ ਨਾਲ ਚੰਡੀਗੜ੍ਹ ਦੇ ਰਾਮ ਦਰਬਾਰ ਏਰੀਆ 'ਚ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਨੀਸ਼ਾ ਯਾਦਵ ਦਾ 21 ਜੂਨ 2018 ਨੂੰ ਵਿਆਹ ਹੋਇਆ ਸੀ। ਉਸ ਦੀ ਬੇਟੀ ਦੀ ਪੱਥਰੀ ਦੀ ਬਿਮਾਰੀ ਤੇਜ਼ੀ ਨਾਲ ਵੱਧਣ ਲੱਗੀ ਸੀ। ਇਸ ਦੌਰਾਨ 22 ਜੁਲਾਈ 2018 ਨੂੰ ਮਨੀਸ਼ਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਹਾਥਰਸ 'ਚ ਲੜਕੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਪੀੜਤਾ ਦੇ ਘਰ ਵਾਲਿਆਂ ਨੂੰ ਇਨਸਾਫ ਦਵਾਉਣ ਦੀ ਮੰਗ ਕਰ ਰਹੇ ਹਨ। ਉਸ 'ਚ ਪੀੜਤਾ ਦਾ ਨਾਮ ਤੇ ਉਨ੍ਹਾਂ ਦੀ ਬੇਟੀ ਦੀ ਤਸਵੀਰ ਲਾ ਕੇ ਵਾਇਰਲ ਕਰ ਰਹੇ ਹਨ। ਇਸ ਬਾਰੇ ਉਨ੍ਹਾਂ ਨੂੰ ਕਈ ਲੋਕਾਂ ਦੇ ਫੋਨ ਵੀ ਆ ਰਹੇ ਹਨ। ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਦੋ ਸਾਲ ਦੀ ਸਜ਼ਾ ਦੀ ਹੈ ਸਿਫਾਰਿਸ਼

ਜ਼ਿਲ੍ਹਾ ਅਦਾਲਤ ਦੇ ਵਕੀਲ ਮਨੋਜ ਸਿਆਨ ਨੇ ਦੱਸਿਆ ਕਿ ਕਿਸੇ ਵੀ ਮਿ੍ਤਕ ਵਿਅਕਤੀ ਦੇ ਅਕਸ ਨੂੰ ਖ਼ਰਾਬ ਕਰਨ 'ਤੇ ਆਈਪੀਸੀ ਦੀ ਧਾਰਾ 499 ਦੇ ਪਾਰਟ-1 ਤਹਿਤ ਦੋ ਸਾਲ ਸਜ਼ਾ ਦੀ ਸਿਫਾਰਿਸ਼ ਹੈ। ਇਸ ਤੋਂ ਇਲਾਵਾ ਕਿਸੇ ਵੀ ਜਬਰ ਜਨਾਹ ਪੀੜਤਾ ਦੇ ਬਾਰੇ 'ਚ ਜਾਣਕਾਰੀ ਸਾਂਝੀ ਕਰਨਾ ਵੀ ਅਪਰਾਧ ਹੈ।