ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਵਿਵਾਦਿਤ ਬਿਆਨ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਕਥਿਤ 'ਅੱਤਵਾਦੀ ਕੁਨੈਕਸ਼ਨ' ਬੇਹੱਦ ਗੰਭੀਰ ਮੁੱਦੇ ਹਨ। ਆਮ ਆਦਮੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਜਾਵੇਗੀ। ਵਿਧਾਨ ਸਭਾ ਪ੍ਰਰੈੱਸ ਗੈਲਰੀ 'ਚ ਆਪਣੇ ਸਾਥੀ ਵਿਧਾਇਕਾਂ ਨਾਲ ਮੀਡੀਆ ਦੇ ਰੂ-ਬਰੂ ਹੁੰਦਿਆਂ ਚੀਮਾ ਨੇ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ 'ਚ ਡੀਜੀਪੀ ਦਿਨਕਰ ਗੁਪਤਾ ਅਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਦਿੱਤੀ ਕਲੀਨ ਚਿੱਟ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਹੈ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੰਚਕੂਲਾ 'ਚ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਦਿੱਤਾ ਗਿਆ ਬਿਆਨ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਇਸ਼ਾਰੇ 'ਤੇ ਦਿੱਤਾ ਗਿਆ ਹੈ। ਚੀਮਾ ਨੇ ਕਿਹਾ ਕਿ ਦਿਨਕਰ ਗੁਪਤਾ ਦੀ ਨਿਯੁਕਤੀ ਵੀ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਅਤੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਭਾਜਪਾ ਅਤੇ ਆਰਐੱਸਐੱਸ ਦੀ ਭਾਸ਼ਾ ਬੋਲ ਰਹੇ ਹਨ, ਜੋ ਪੰਜਾਬ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਲਈ ਖ਼ਤਰਾ ਹੈ।

ਚੀਮਾ ਨੇ ਖ਼ਦਸ਼ਾ ਜਤਾਇਆ ਕਿ ਕੁਝ ਏਜੰਸੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਮੋੜ ਬੰਬ ਧਮਾਕੇ ਦੀ ਤਰਜ 'ਤੇ ਅਸ਼ਾਂਤੀ ਫੈਲਾ ਸਕਦੀਆਂ ਹਨ। ਉਨ੍ਹਾਂ ਮੋੜ ਬੰਬ ਧਮਾਕੇ 'ਚ ਮਾਰੇ ਗਏ 4 ਬੱਚਿਆਂ ਸਮੇਤ 9 ਵਿਅਕਤੀਆਂ ਦੇ ਦੋਸ਼ੀ ਅਜੇ ਤਕ ਨਾ ਫੜੇ ਜਾਣ 'ਤੇ ਵੀ ਸਵਾਲ ਉਠਾਏ। ਚੀਮਾ ਨੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਤੇ ਕਿਹਾ ਕਿ 'ਆਪ' ਦੀ ਲੀਗਲ ਵਿੰਗ ਦੀ ਟੀਮ ਆਸ਼ੂ ਨਾਲ ਸਬੰਧਤ ਕੇਸਾਂ ਨੂੰ ਹਾਈ ਕੋਰਟ 'ਚ ਲੈ ਕੇ ਜਾਵੇਗੀ।