ਕੈਲਾਸ਼ ਨਾਥ, ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਦੋਸ਼ ’ਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਮੁੜ ਇਕੱਲੇ ਪੈਣ ਲੱਗੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਦੋਸ਼ ਕਿ ਉਨ੍ਹਾਂ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੇ ਇਕ ਖਿਡਾਰੀ ਤੋਂ ਸਰਕਾਰੀ ਨੌਕਰੀ ਦਿਵਾਉਣ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ, ’ਤੇ ਚੰਨੀ ਇਕੱਲੇ ਹੀ ਆਪਣਾ ਬਚਾਅ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਨੀ ਦੇ ਹੱਕ ’ਚ ਇੰਨਾ ਜ਼ਰੂਰ ਕਿਹਾ ਹੈ ਕਿ ਮੁੱਖ ਮੰਤਰੀ ਕੋਲ ਜੇਕਰ ਸਬੂਤ ਹਨ ਤਾਂ ਉਹ ਸਾਹਮਣੇ ਲਿਆਉਣ ਤੇ ਕਾਰਵਾਈ ਕਰਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੰਨੀ ਪਾਰਟੀ ’ਚ ਇਕੱਲੇ ਦਿਖਾਈ ਦਿੱਤੇ ਹੋਣ। ਵਿਜੀਲੈਂਸ ਨੇ ਜਦੋਂ ਆਮਦਨ ਤੋਂ ਵੱਧ ਜਾਇਦਾਦ ਤੇ ਨਾਜਾਇਜ਼ ਰੇਤ ਮਾਈਨਿੰਗ ਨੂੰ ਲੈ ਕੇ ਉਨ੍ਹਾਂ ’ਤੇ ਸ਼ਿਕੰਜਾ ਕੱਸਿਆ ਉਦੋਂ ਵੀ ਚੰਨੀ ਦੀ ਹਮਾਇਤ ’ਚ ਕਾਂਗਰਸ ਦਾ ਕੋਈ ਆਗੂ ਨਹੀਂ ਆਇਆ ਸੀ।

ਕਾਂਗਰਸ ਦੀ ਪਰੇਸ਼ਾਨੀ ਇਹ ਹੈ ਕਿ ਉਨ੍ਹਾਂ ਦੇ ਦੋ ਸਾਬਕਾ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪਹਿਲਾਂ ਹੀ ਜੇਲ੍ਹ ਜਾ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਸਮੇਤ ਕਈ ਕੈਬਨਿਟ ਮੰਤਰੀ ਤੇ ਸਾਬਕਾ ਵਿਧਾਇਕਾਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗ ਚੁੱਕਾ ਹੈ। ਫ਼ਰੀਦਕੋਟ ਤੋਂ ਵਿਧਾਇਕ ਰਹੇ ਕੁਸ਼ਲਦੀਪ ਸਿੰਘ ਢਿੱਲੋਂ ਹਾਲੇ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜੇਲ੍ਹ ’ਚ ਹਨ। ਅਜਿਹੇ ’ਚ ਕਾਂਗਰਸ ਕਿਸੇ ਵੀ ਸੂਰਤ ’ਚ ਆਪਣੇ ਉੱਪਰ ਇਹ ਦਾਗ ਨਹੀਂ ਲੱਗਣ ਦੇਣਾ ਚਾਹੁੰਦੀ ਕਿ ਉਹ ਭ੍ਰਿਸ਼ਟਾਚਾਰ ਕਰਨ ਵਾਲਿਆਂ ਦਾ ਬਚਾਅ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸੂਬਾ ਪ੍ਰਧਾਨ ਨੇ ਪੂਰੀ ਇਹਤਿਆਹ ਨਾਲ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਆਗੂਆਂ ਦਾ ਅਕਸ ਖ਼ਰਾਬ ਕਰ ਰਹੇ ਹਨ।

ਅਹਿਮ ਪਹਿਲੂ ਇਹ ਹੈ ਕਿ ਇਕ ਮਹੀਨੇ ’ਚ ਕਾਂਗਰਸ ’ਚ ਬਹੁਤ ਕੁਝ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਲੋਕ ਸਭਾ ਚੋਣਾਂ ਤੋਂ ਪਹਿਲਾਂ 14 ਅਪ੍ਰੈਲ ਨੂੰ ਜਦੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਵਿਜੀਲੈਂਸ ਨੇ ਚੰਨੀ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਪੂਰੀ ਕਾਂਗਰਸ ਸਾਬਕਾ ਮੁੱਖ ਮੰਤਰੀ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਸੀ। ਕਾਂਗਰਸ ਨੇ ਕਾਹਲੀ ’ਚ ਸਵੇਰੇ-ਸਵੇਰੇ ਹੀ ਚੰਨੀ ਦੀ ਪ੍ਰੈੱਸ ਕਾਨਫਰੰਸ ਕਾਂਗਰਸ ਭਵਨ ’ਚ ਕਰਵਾਈ। ਹੁਣ ਜਦੋਂ ਮੁੱਖ ਮੰਤਰੀ ਲਗਾਤਾਰ ਚੰਨੀ ’ਤੇ ਹਮਲਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ ਕਿ 31 ਮਈ ਤਕ ਉਨ੍ਹਾਂ ਜੇਕਰ ਸੱਚਾਈ ਲੋਕਾਂ ਦੇ ਸਾਹਮਣੇ ਨਾ ਲਿਆਂਦੀ ਤਾਂ ਉਹ ਖ਼ੁਦ ਸੱਚਾਈ ਨੂੰ ਸਾਹਮਣੇ ਲਿਆਉਣਗੇ, ਇਸ ’ਤੇ ਕਿਸੇ ਵੀ ਕਾਂਗਰਸ ਆਗੂ ਨੇ ਚੰਨੀ ਦਾ ਬਚਾਅ ਨਹੀਂ ਕੀਤਾ। ਹਾਲਾਂਕਿ ਸੁਖਪਾਲ ਖਹਿਰਾ ਤੇ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਮਾਮਲੇ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੁੱਲ੍ਹ ਕੇ ਕਹਿ ਦਿੱਤਾ ਸਹੀ ਕਿ ਉਹ ਖਹਿਰਾ ਤੇ ਸ਼ੇਰੋਵਾਲੀਆ ਦੇ ਨਾਲ ਖੜ੍ਹੇ ਹਨ।

Posted By: Sandip Kaur