ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਕੈਂਪਸ ’ਚ ਦੀਵਾਲੀ ਦੀ ਰਾਤ ਯੂਨੀਵਰਸਿਟੀ ਬਿਜ਼ਨੈੱਸ ਸਕੂਲ (ਯੂਬੀਐੱਸ) ਦੇ ਸੀਨੀਅਰ ਪ੍ਰੋਫੈਸਰ ਦੀ ਪਤਨੀ ਦੇ ਕਤਲ ਮਾਮਲੇ ਵਿਚ 21 ਦਿਨਾਂ ਬਾਅਦ ਵੀ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ। ਪੀਯੂ ਦੇ ਹਾਈ ਸਕਿਓਰਿਟੀ ਏਰੀਆ ਕੁਲਪਤੀ ਦੇ ਬੰਗਲੇ ਦੇ ਨਾਲ ਲੱਗਦੀ ਕੋਠੀ ਵਿਚ ਕਿਸੇ ਨੇ ਪ੍ਰੋਫੈਸਰ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਤੇ ਕਾਤਲ ਹਾਲੇ ਤਕ ਫ਼ਰਾਰ ਹਨ। ਮਾਮਲੇ ’ਚ ਪੁਲਿਸ ਦੇ ਹੱਥ ਹਾਲੇ ਤਕ ਖਾਲੀ ਹਨ। ਹਾਲੇ ਤਕ ਜਾਂਚ ਏਜੰਸੀ ਇਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਿਸ ਦੀ ਜਾਂਚ ਨੂੰ ਲੈ ਕੇ ਪੀਯੂ ਕੈਂਪਸ ’ਚ ਹੁਣ ਸਵਾਲ ਉੱਠਣ ਲੱਗੇ ਹਨ। ਪੂਰੇ ਕੈਂਪਸ ’ਚ ਇਨ੍ਹੀਂ ਦਿਨੀਂ ਪ੍ਰੋਫੈਸਰ ਦੀ ਪਤਨੀ ਦੀ ਹੱਤਿਆ ’ਚ ਜਾਂਚ ’ਚ ਢਿੱਲ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਪ੍ਰੋਫੈਸਰ ਦੀ ਪਤਨੀ ਦੇ ਕਤਲ ਤੋਂ ਬਾਅਦ ਕੈਂਪਸ ਦੇ ਲੋਕਾਂ ’ਚ ਸੁਰੱਖਿਆ ਨੂੰ ਲੈ ਕੇ ਕਾਫੀ ਭੈਅ ਬਣਿਆ ਹੋਇਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਕੁਲਪਤੀ ਦੀ ਰਿਹਾਇਸ਼ ਦੇ ਆਸ-ਪਾਸ ਕੋਈ ਵੀ ਕਤਲ ਕਰਕੇ ਆਸਾਨੀ ਨਾਲ ਫ਼ਰਾਰ ਹੋ ਸਕਦਾ ਹੈ ਤਾਂ ਆਮ ਲੋਕ ਕਿਵੇਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ।

ਪੀਯੂ ਦੇ ਸਾਬਕਾ ਪ੍ਰੋਫੈਸਰ ਅਤੇ ਸੈਨੇਟਰ ਡਾ. ਰਵਿੰਦਰ ਨਾਥ ਸ਼ਰਮਾ ਨੇ ਕੈਂਪਸ ਦੇ ਜੀ-5 ਕੋਠੀ ਵਿਚ ਪ੍ਰੋਫੈਸਰ ਬੀਬੀ ਗੋਇਲ ਦੀ ਪਤਨੀ ਸੀਮਾ ਗੋਇਲ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਕੁਲਪਤੀ ਨੂੰ ਚਿਠੀ ਲਿਖੀ ਹੈ। ਪ੍ਰੋ. ਸ਼ਰਮਾ ਨੇ ਲਿਖਿਆ ਹੈ ਕਿ ਕਤਲ ਵਰਗੇ ਮਾਮਲੇ ਵਿਚ ਪੂਰਾ ਪੀਯੂ ਪ੍ਰਸ਼ਾਸਨ ਚੁੱਪ ਬੈਠਾ ਹੈ। ਮਾਮਲੇ ਵਿਚ ਉੱਚ ਪੱਧਰੀ ਜਾਂਚ ਦੀ ਮੰਗ ਕੁਲਪਤੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ। 20 ਤੋਂ ਵੱਧ ਦਿਨ ਹੋਣ ਤੋਂ ਬਾਅਦ ਵੀ ਪੁਲਿਸ ਤੇ ਜਾਂਚ ਟੀਮ ਦੋਸ਼ੀਆਂ ਤਕ ਨਹੀਂ ਪਹੁੰਚ ਸਕੀ। ਜਾਂਚ ਨਾਲ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਜਾਂਚ ਜਾਰੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਕੋਟਸ

ਪੀਯੂ ਕੈਂਪਸ ’ਚ ਪ੍ਰੋਫੈਸਰ ਦੀ ਪਤਨੀ ਦਾ ਕਤਲ ਹੋ ਜਾਂਦਾ ਹੈ। ਕੁਲਪਤੀ ਤੋਂ ਲੈ ਕੇ ਪੁਟਾ ਅਤੇ ਦੂਸਰੇ ਲੋਕ ਮਾਮਲੇ ਨੂੰ ਲੈ ਕੇ ਆਵਾਜ਼ ਨਹੀਂ ਉਠਾ ਰਹੇ। ਪੀਯੂ ਇਤਿਹਾਸ ਵਿਚ ਅਜਿਹੀ ਘਟਨਾ ਪਹਿਲੀ ਵਾਰ ਹੋਈ ਹੈ। ਮੈਂ ਹੈਰਾਨ ਹਾਂ ਕਿ ਮਾਮਲੇ ਵਿਚ ਪੀਯੂ ਪ੍ਰਸ਼ਾਸਨ ਅਤੇ ਪੁਲਿਸ ਦੋਵੇਂ ਹੀ ਚੁੱਪ ਹਨ।

ਰਵਿੰਦਰ ਨਾਥ ਸ਼ਰਮਾ,

ਸਾਬਕਾ ਸੈਨੇਟਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

Posted By: Ramandeep Kaur