ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਯੂਟੀ-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠ ਅੱਜ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਪੰਜਾਬ ਸਰਕਾਰ ਦੇ ਦਫਤਰਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸੈਕਟਰ 39 ਵਿਖੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਅਤੇ ਚੰਡੀਗੜ੍ਹ ਪੁਲਿਸ ਨੇ ਮੁਲਾਜ਼ਮਾਂ ਨੂੰ ਅੱਗੇ ਵੱਧਣ ਤੋੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ।

ਅੱਜ ਸਵੇਰੇ ਵੱਡੀ ਗਿਣਤੀ ਵਿਚ ਮੁਲਾਜ਼ਮ ਖੁਰਾਕ ਤੇ ਵੰਡ ਵਿਭਾਗ ਦੇ ਸਾਹਮਣੇ ਸੈਂਕੜੇ ਮੁਲਾਜ਼ਮ ਇਕੱਤਰ ਹੋ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲਗਭਗ ਇੱਕ ਘੰਟਾ ਨਾਅਰੇਬਾਜ਼ੀ ਉਪਰੰਤ ਸਾਰੇ ਮੁਲਾਜ਼ਮ ਸੈਕਟਰ 39 ਵਿਖੇ ਮੰਤਰੀਆਂ ਦੀ ਰਿਹਾਇਸ਼ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ।

ਇਸ ਮੌਕੇ ਚੰਡੀਗੜ੍ਹ ਪੁਲਿਸ ਦਾ ਅਮਲਾ ਭਾਰੀ ਗਿਣਤੀ ਵਿੱਚ ਮੌਜੂਦ ਸੀ। ਮੁਲਾਜ਼ਮਾਂ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮੈਮੋਰੰਡਮ ਸੌਂਪਣ ਲਈ ਜਦੋਂ ਅੱਗੇ ਵਧੇ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਵਾਟਰ ਕੈਨਨ ਨਾਲ ਮੁਲਾਜ਼ਮਾਂ ਨੂੰ ਰੋਕਣ ਦਾ ਯਤਨ ਕੀਤਾ ਅਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ, ਪ੍ਰੰਤੂ ਮੁਲਾਜ਼ਮਾਂ ਵਿੱਚ ਇੰਨਾ ਰੋਸ ਸੀ ਕਿ ਉਨ੍ਹਾਂ ਵੱਲੋਂ ਬੈਰੀਕੇਡ ਤੋੜ ਦਿੱਤੇ ਗਏ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਪ੍ਰੈੱਸ ਨੂੰ ਦੱਸਿਆ ਕਿ ਸਰਕਾਰ ਜਿੰਨੇ ਮਰਜ਼ੀ ਤਸੀਹੇ ਦੇ ਲਵੇ, ਮੁਲਾਜ਼ਮ ਵਰਗ ਹੋਰ ਮਜ਼ਬੂਤ ਹੋਵੇਗਾ ਅਤੇ ਸਰਕਾਰ ਦੀਆਂ ਇਹ ਚਾਲਾਂ ਉਸ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਸਾਬਿਤ ਹੋਣਗੀਆਂ।

ਮੁਲਾਜ਼ਮਾਂ ਦੀ ਮੰਗ ਸੀ ਕਿ ਪਿਛਲੇ ਦਿਨਾਂ ਵਿੱਚ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਮੰਤਰੀਆਂ ਅਤੇ ਅਫਸਰਾਂ ਦੀ ਕਮੇਟੀਆਂ ਨਾਲ ਹੋਈ ਗੱਲ ਬਾਤ ਅਤੇ ਰਜ਼ਾਮੰਦੀ ਅਨੁਸਾਰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਤੀ 31.12.2015 ਦੀ ਤਨਖਾਹ ਨੂੰ ਆਧਾਰ ਬਣਾਕੇ ਮੁਲਾਜ਼ਮਾਂ ਨੂੰ ਘੱਟੋ ਘੱਟ 15% ਤਨਖਾਹ ਵਿੱਚ ਵਾਧਾ ਕਰਨ ਦੀ ਗੱਲ ਪ੍ਰੈਸ ਕਾਨਫਰੰਸ ਕਰਕੇ ਕਹੀ ਗਈ ਸੀ ਜਿਸ ਤੋਂ ਸਰਕਾਰ ਹੁਣ ਭੱਜਦੀ ਨਜ਼ਰ ਆ ਰਹੀ ਹੈ।

ਮਿਤੀ 16.08.2021 ਦੀ ਕੈਬਿਨਟ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਤਨਖਾਹ ਕਮਿਸ਼ਨ ਅਤੇ ਹੋਰ ਮੰਗਾਂ ਸਬੰਧੀ ਕੋਈ ਅਜੰਡਾ ਨਾ ਹੋਣ ਕਰਕੇ ਮੁਲਾਜ਼ਮਾਂ ਵਿੱਚ ਬੇ-ਭਰੋਸਗੀ ਅਤੇ ਰੋਸ ਵਧ ਰਿਹਾ ਹੈ ਜਿਸ ਕਰਕੇ ਸਾਂਝਾ ਫਰੰਟ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਕਰਨ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ 6ਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨਾ ਅਤੇ ਮਿਤੀ 31.12.2015 ਨੂੰ 119% ਡੀ.ਏ ਨੂੰ ਆਧਾਰ ਮੰਨਕੇ ਤਨਖਾਹ ਵਿੱਚ 15% ਦਾ ਵਾਧਾ ਕਰਨਾ ਅਤੇ ਮਿਤੀ 01.01.2006 ਤੋਂ ਏਰੀਅਰ ਦੇਣਾ, ਆਉਟਸੋਰਸ/ਕੱਚੇ/ਐਡਹਾਕ/ਵਰਕਚਾਰਜ ਕਾਮਿਆਂ ਨੂੰ ਪੱਕੇ ਕਰਨਾ, ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ, 15.01.2015 ਨੂੰ ਜਾਰੀ ਪੱਤਰ ਰੱਦ ਕਰਨਾ, ਦਰਜਾ-4 ਕਰਮਚਾਰੀਆਂ ਦੀ ਪੱਕੀ ਭਰਤੀ ਕਰਨਾ, 200/- ਰੁਪਏ ਵਿਕਾਸ ਟੈਕਸ ਵਾਪਿਸ ਕਰਨਾ, 41% ਡੀਏ ਏਰੀਅਰ ਸਮੇਤ ਜਾਰੀ ਕਰਨਾ, ਵਿਭਾਗਾਂ ਵਿੱਚ ਪੈਂਡਿੰਗ ਪ੍ਰਮੋਸਨਾਂ ਕਰਨੀਆਂ, ਰੀ-ਸਟਰਕਚਰਿੰਗ ਦੇ ਨਾਮ ਦੇ ਅਸਾਮੀਆਂ ਖਤਮ ਨਾ ਕਰਨਾ ਆਦਿ ਸ਼ਾਮਿਲ ਹਨ।

ਇਸ ਮੌਕੇ ਮੁਲਾਜ਼ਮ ਆਗੂ ਸੁਖਚੈਨ ਖਹਿਰਾ, ਕਰਮ ਸਿੰਘ ਧਨੋਆ, ਮਨਦੀਪ ਸਿੰਘ ਸਿੱਧੂ, ਗੁਰਮੇਲ ਸਿੰਘ ਸਿੱਧੂ, ਕੰਵਲਜੀਤ ਕੌਰ, ਦਵਿੰਦਰ ਬੈਨੀਪਾਲ, ਬਲਵਿੰਦਰ ਕੌਰ, ਮਨਜਿੰਦਰ ਕੌਰ, ਜਸਵੀਰ ਕੌਰ, ਬਲਰਾਜ ਸਿੰਘ ਦਾਊਂ, ਸੈਮੁਅਲ ਮਸੀਹ, ਅਜੈ ਕੁਮਾਰੀ, ਰੰਜੀਵ ਸ਼ਰਮਾ, ਸੁਸ਼ੀਲ ਕੁਮਾਰ ਆਦਿ ਸ਼ਾਮਲ ਸਨ।

Posted By: Jagjit Singh