ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਫੇਜ਼-11 ਥਾਣਾ ਪੁਲਿਸ ਨੇ ਸਰਪ੍ਰਰਾਇਸ ਚੈਕਿੰਗ ਦੇ ਦੌਰਾਨ ਬਿਨਾਂ ਲਾਇਸੈਂਸ ਦੇ ਚੱਲ ਰਹੀ ਇਕ ਇਮੀਗ੍ਰੇਸ਼ਨ ਕੰਪਨੀ ਦੇ ਕਰਮਚਾਰੀ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜੂ ਸੋਨੀ ਨਿਵਾਸੀ ਫਤਿਹਬਾਦ ਹਰਿਆਣਾ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਇਮੀਗ੍ਰੇਸ਼ਨ ਕੰਪਨੀ 'ਚ ਛਾਪੇਮਾਰੀ ਦੌਰਾਨ ਚਾਰ ਪਾਸਪੋਰਟ ਤੇ ਗ਼ੈਰਕਾਨੂੰਨੀ ਪੇਪਰ ਬਰਾਮਦ ਹੋਏ ਹਨ। ਪੁਲਿਸ ਨੇ ਮੁਲਜ਼ਮ ਰਾਜੂ ਖ਼ਿਲਾਫ਼ ਥਾਣਾ ਫੇਜ਼-11'ਚ ਇਮੀਗਰੇਸ਼ਨ ਐਕਟ ਦੀ ਧਾਰਾ-24 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਡੀਐੱਸਪੀ-ਕਮ-ਐੱਸਐੱਚਓ ਫੇਜ਼-11 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਐੱਸਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਮੀਗ੍ਰੇਸ਼ਨ ਕੰਪਨੀਆਂ 'ਚ ਵੱਧ ਰਹੇ ਠੱਗੀ ਦੇ ਮਾਮਲਿਆਂ ਨੂੰ ਵੇਖਦੇ ਹੋਏ ਅਚਨਚੇਤੀ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਹੋਏ ਸਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਫੇਜ਼-11 ਥਾਣਾ ਪੁਲਿਸ ਨੇ ਇਮੀਗ੍ਰੇਸ਼ਨ ਕੰਪਨੀ ਬਰਾਇਟ ਕੰਸਲਟੈਂਸੀ ਦੇ ਦਫ਼ਤਰ 'ਚ ਅਚਨਚੇਤੀ ਚੈਕਿੰਗ ਕੀਤੀ ਜਿੱਥੇ ਪੁਲਿਸ ਨੂੰ ਜਾਅਲੀ ਦਸਤਾਵੇਜ਼ ਬਰਾਮਦ ਹੋਏ ਅਤੇ ਪਤਾ ਚਲਾ ਕਿ ਇਹ ਇਮੀਗ੍ਰੇਸ਼ਨ ਕੰਪਨੀ ਬਿਨਾਂ ਲਾਇਸੈਂਸ ਦੇ ਚੱਲ ਰਹੀ ਸੀ। ਜੋ ਕਿ ਇਸ ਦੀ ਆੜ 'ਚ ਪੰਜਾਬ ਦੇ ਭੋਲ਼ੇ ਭਾਲੇ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਦਾ ਕੰਮ-ਕਾਜ ਕਰ ਰਹੇ ਸਨ। ਪੁਲਿਸ ਨੇ ਇਮੀਗ੍ਰੇਸ਼ਨ ਕੰਪਨੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉੱਥੇ ਮੌਜੂਦ ਰਾਜੂ ਸੋਨੀ ਨੂੰ ਗਿ੍ਫ਼ਤਾਰ ਕਰ ਲਿਆ।