ਚੰਡੀਗੜ੍ਹ: ਸ਼ੁੱਕਰਵਾਰ ਨੂੰ ਉੱਘੇ ਪੱਤਰਕਾਰ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਸੁਰਿੰਦਰ ਅਵਸਥੀ (70) ਦਾ ਅੱਜ ਸਵੇਰੇ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਪੀਜੀਆਈ ਵਿਖੇ ਦੇਹਾਂਤ ਹੋ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ।

ਆਪਣੇ ਸ਼ੋਕ ਸੰਦੇਸ਼ ਵਿੱਚ, ਮੁੱਖ ਮੰਤਰੀ ਨੇ ਸੁਰਿੰਦਰ ਅਵਸਥੀ, ਜਿਹਨਾਂ ਨੇ ਟਾਈਮਜ਼ ਆਫ਼ ਇੰਡੀਆ ਵਿੱਚ ਵੀ ਕੰਮ ਕੀਤਾ, ਨੂੰ ਇੱਕ ਉੱਘੇ ਪੱਤਰਕਾਰ ਅਤੇ ਚੰਗੇ ਗੁਣਾਂ ਵਾਲਾ ਇੱਕ ਵਧੀਆ ਇਨਸਾਨ ਦੱਸਿਆ ਜੋ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਦੇ ਹਿਮਾਇਤੀ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੁਰਿੰਦਰ ਅਵਸਥੀ ਦੇ ਦੇਹਾਂਤ ਨਾਲ ਮੀਡੀਆ ਭਾਈਚਾਰੇ ਵਿਚ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਨਾ ਮੁਸ਼ਕਲ ਹੈ।

ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ, ਮੁੱਖ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।

ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸੁਰਿੰਦਰ ਅਵਸਥੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ, ਜਿਨ੍ਹਾਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਦਾ ਯਾਦ ਰੱਖਿਆ ਜਾਵੇਗਾ।

Posted By: Jagjit Singh