ਜੇਐੱਨਐੱਨ/ਏਐੱਨਆਈ, ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਫਿਰ ਘਮਸਾਨ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੁਣ ਕੈਬਨਿਟ ਮੰਤਰੀਆਂ ਦੇ ਅਸਤੀਫਿਆਂ ਦਾ ਸਿਲਸਿਲਾਵੀ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਕਾਂਗਰਸ ਜਨਰਲ ਸਕੱਤਰ ਯੋਗੇਂਦਰ ਢੀਂਗਰਾ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਿਆਂ ਦਰਮਿਆਨ ਪੰਜਾਬ ਕੈਬਨਿਟ ਦੀ ਐਮਰਜੈਂਸੀ ਬੈਠਕ ਜਾਰੀ ਹੈ। ਉੱਥੇ, ਪਰਗਟ ਸਿੰਘ ਦੇ ਵੀ ਅਸਤੀਫਾ ਦੇਣ ਦੀ ਚਰਚਾ ਸੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ। ਪਰਗਟ ਸਿੰਘ ਕੈਬਨਿਟ ਮੀਟਿੰਗ ਦਰਮਿਆਨ ਵਿਚੋਂ ਹੀ ਉੱਠ ਗਏ ਤੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਅਸਤੀਫਾ ਨਹੀਂ ਦਿੱਤਾ ਹੈ।

ਬਾਜਵਾ ਬੋਲੇ ਕੱਲ੍ਹ ਤਕ ਸੁਲਝ ਜਾਵੇਗਾ ਮਾਮਲਾ

ਰਾਣਾ ਗੁਰਜੀਤ ਜਿਨ੍ਹਾਂ ਨੂੰ ਮੰਤਰੀ ਬਣਾਉਣ ਦੇ ਚਲਦਿਆਂ ਨਵਜੋਤ ਸਿੱਧੂ ਦੇ ਅਸਤੀਫਾ ਦੇਣ ਦੀ ਚਰਚਾ ਹੈ, ਨੇ ਕਿਹਾ ਕਿ ਮੈਂ ਤਾਂ ਅਜੇ ਇਕ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ, ਇਸ ਲਈ ਮੈਂ ਕਿਸੇ ਬਾਰੇ ਟਿੱਪਣੀ ਨਹੀਂ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਰਜ਼ੀਆ ਸੁਲਤਾਨਾ ਨੂੰ ਅਸਤੀਫਾ ਨਾ ਦੇਣ ਸਬੰਧੀ ਮੈਂ ਉਨ੍ਹਾਂ ਨੂੰ ਸਮਝਾਵਾਂਗਾ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੱਲ੍ਹ ਤਕ ਮਾਮਲਾ ਸੁਲਝ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੇ ਪ੍ਰਧਾਨ ਹਨ ਤੇ ਉਨ੍ਹਾਂ ਦੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮਾਮਲਾ ਕੱਲ੍ਹ ਤਕ ਸੁਲਝਾ ਲਿਆ ਜਾਵੇਗਾ।

Posted By: Jatinder Singh