ਸਟੇਟ ਬਿਊਰੋ, ਚੰਡੀਗੜ੍ਹ : ਈਡੀ ਨੇ 2019 ਦੇ ਖੇਤੀਬਾੜੀ ਘੁਟਾਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਤਕਾਲੀ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਹੈ।

ਸ਼ਿਕਾਇਤ ਅਨੁਸਾਰ ਕੇਂਦਰ ਨੇ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਲਈ 12 ਕਰੋੜ ਤੋਂ ਵੱਧ ਦੀ ਰਾਸ਼ੀ ਭੇਜੀ ਸੀ ਪਰ ਦਸਤਾਵੇਜ਼ਾਂ ਵਿਚ ਦੱਸੀ ਮਸ਼ੀਨਰੀ ਕਦੇ ਖਰੀਦੀ ਹੀ ਨਹੀਂ ਗਈ। ਈਡੀ ਨੇ ਖੇਤੀਬਾੜੀ ਵਿਭਾਗ ਤੋਂ ਫੰਡਾਂ ਦੀ ਵਰਤੋਂ ਦਾ ਪੂਰਾ ਵੇਰਵਾ ਮੰਗਿਆ ਹੈ। ਈਡੀ ਨੇ ਪੁੱਛਿਆ ਹੈ ਕਿ ਖੇਤੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਰੀ ਕਿੱਥੋਂ ਖ਼ਰੀਦੀ ਗਈ ਸੀ, ਉਹ ਕਿੱਥੋਂ-ਕਿੱਥੋਂ ਖ਼ਰੀਦੀ ਗਈ ਸੀ, ਖਰੀਦ ਪ੍ਰਕਿਰਿਆ ਵਿਚ ਕੌਣ-ਕੌਣ ਸ਼ਾਮਲ ਸਨ? ਈਡੀ ਨੇ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਐਕਟ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਈਡੀ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਰਿਕਾਰਡ ਮੰਗ ਰਹੀ ਸੀ ਪਰ ਵਿਭਾਗ ਨੇ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ 14 ਜੂਨ ਨੂੰ ਈਡੀ ਨੇ ਵਿਭਾਗ ਨੂੰ ਰੀਮਾਈਂਡਰ ਭੇਜਿਆ ਸੀ। ਈਡੀ ਨੇ ਕਿਹਾ ਕਿ ਰਿਕਾਰਡ ਜਲਦੀ ਤੋਂ ਜਲਦੀ ਮੁਹੱਈਆ ਕਰਵਾਇਆ ਜਾਵੇ।ਜ਼ਿਕਰਯੋਗ ਹੈ ਕਿ ਇਹ ਘਪਲਾ 2019 'ਚ ਹੋਇਆ ਸੀ। ਉਦੋਂ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਹੁਣ ਈਡੀ ਦੇ ਰਿਮਾਈਂਡਰ ਤੋਂ ਬਾਅਦ ਵਿਭਾਗ ਇਹ ਜਾਣਕਾਰੀ ਇਕੱਠੀ ਕਰ ਰਿਹਾ ਹੈ ਕਿ ਕਿਸ ਜ਼ਿਲ੍ਹੇ ਵਿਚ ਇਸ ਸਕੀਮ ਤਹਿਤ ਕਿੰਨੀ ਰਕਮ ਖਰਚ ਕੀਤੀ ਗਈ। ਕਿੰਨੀ ਮਸ਼ੀਨਰੀ ਖਰੀਦੀ ਗਈ? ਵਿਭਾਗ ਦੇ ਕਈ ਮੌਜੂਦਾ ਅਤੇ ਸਾਬਕਾ ਅਧਿਕਾਰੀ ਈਡੀ ਦੇ ਘੇਰੇ ਵਿਚ ਆ ਸਕਦੇ ਹਨ।