ਜੈ ਸਿੰਘ ਛਿੱਬਰ, ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਅਤੇ ਤਿੰਨ ਖੇਤੀ ਕਾਨੂੰਨਾਂ ਦਾ ਮਸਲਾ ਹੋਣ ’ਤੇ ਭਾਜਪਾ ਨਾਲ ਚੋਣ ਗਠਜੋੜ ਕਰਨ ਦੇ ਦਿੱਤੇ ਗਏ ਸੰਕੇਤਾਂ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ। ਨਾ ਸਿਰਫ਼ ਕਾਂਗਰਸੀਆਂ ਨੇ ਕੈਪਟਨ ਖਿਲਾਫ਼ ਮੋਰਚਾ ਖੋਲ੍ਹਿਆ ਹੈ, ਭਾਜਪਾ ਨੂੰ ਛੱਡ ਕੇ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਕੈਪਟਨ ’ਤੇ ਤਿੱਖੇ ਹਮਲੇ ਕੀਤੇ ਹਨ। ਜਿੱਥੇ ਕਾਂਗਰਸੀ ਆਗੂਆਂ ਨੇ ਕੈਪਟਨ ਨੂੰ ਮੌਕਾਪ੍ਰਸਤ ਨੇਤਾ ਦੱਸਿਆ ਹੈ, ਉਥੇ ਭਾਜਪਾ ਆਗੂਆਂ ਨੇ ਕੈਪਟਨ ਨੂੰ ਰਾਸ਼ਟਰਵਾਦੀ ਨੇਤਾ ਕਰਾਰ ਦਿੱਤਾ ਹੈ।

ਕਿਸੇ ਸਮੇਂ ਕੈਪਟਨ ਦੇ ਅਤਿ ਨਜ਼ਦੀਕੀਆਂ ਵਿਚ ਸ਼ੁਮਾਰ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਉਨ੍ਹਾਂ ਨੂੰ ਮੌਕਾਪ੍ਰਸਤ ਨੇਤਾ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਕੈਪਟਨ ਨੂੰ ਮਾਣ ਸਨਮਾਨ ਦਿੱਤਾ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿਚ ਕੈਪਟਨ ਨੂੰ ਟਿਕਟ ਨਾ ਦੇ ਕੇ ਸੱਭ ਤੋ ਵੱਧ ਜ਼ਲੀਲ ਕੀਤਾ ਸੀ। ਉਸ ਤੋਂ ਵੱਧ ਕੈਪਟਨ ਦੀ ਕਦੇ ਵੀ ਜ਼ਲਾਲਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਤੋਂ ਖ਼ਤਰਾ ਨਹੀਂ ਹੈ ਜੇਕਰ ਖ਼ਤਰਾ ਹੈ ਤਾਂ ਕੈਪਟਨ ਦੀ ਗੱਦਾਰੀ ਤੇ ਧੋਖੇ ਤੋਂ ਖ਼ਤਰਾ ਹੈ।

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ 650 ਕਿਸਾਨਾਂ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ। ਇਸ ਦਾ ਜਵਾਬ ਵੀ ਕੈਪਟਨ ਨੂੰ ਦੇਣਾ ਪਵੇਗਾ। ਜਦਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਉਹੀ ਕਰਦੇ ਹਨ ਜੋ ਉਨ੍ਹਾਂ ਨੂੰ ਅਜੀਤ ਡੋਵਾਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਹਨ।

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਕੈਪਟਨ ਭਾਜਪਾ ਵਿਚ ਜਾਣਾ ਚਾਹੁੰਦੇ ਹਨ ਤਾਂ ਚਲੇ ਜਾਣ, ਅਸੀਂ (ਕਾਂਗਰਸ) ਕੈਪਟਨ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਕੈਪਟਨ ਨੇ ਖੁਦ ਦਿੱਤਾ ਹੈ। ਅਸੀਂ ਤਾਂ ਚਾਹੁੰਦੇ ਸੀ ਕਿ ਉਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਆ ਕੇ ਆਪਣਾ ਪਖ਼ ਰੱਖਦੇ। ਦਸ ਮਹੀਨਿਆਂ ਤੋਂ ਕਿਸਾਨ ਦਿੱਲੀ ਦੀ ਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਧਰਨੇ ’ਤੇ ਬੈਠੇ ਰਹੇ ਹਨ। ਇਨ੍ਹਾਂ ਮਹੀਨਿਆਂ ਦੌਰਾਨ ਕਿਸਾਨਾਂ ਨੂੰ ਹੋਈ ਤਕਲੀਫ਼ ਅਤੇ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ ਲਾਉਣ ਅਤੇ ਲਖੀਮਪੁਰ ਖੀਰੀ ਘਟਨਾ ਲਈ ਭਾਜਪਾ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।

ਅਕਾਲੀ ਦਲ ਸਯੁੰਕਤ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਕਿਸਾਨੀ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਪਰ ਕੈਪਟਨ ਅਜੇ ਕਾਂਗਰਸ ਦਾ ਆਗੂ ਹੈ, ਉਨ੍ਹਾਂ ਕਾਂਗਰਸ ਤੋਂ ਅਸਤੀਫ਼ਾ ਨਹੀਂ ਦਿੱਤਾ। ਕਾਂਗਰਸ ਤੋਂ ਬਾਹਰ ਆਉਣ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਜਦਕਿ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਕਿਸਾਨਾਂ ਸਮੇਤ ਕਈ ਮਸਲੇ ਹਨ। ਅਗਾਮੀ ਚੋਣਾਂ ਵਿਚ ਕਿਸ ਪਾਰਟੀ ਨਾਲ ਗਠਜੋੜ ਕਰਨਾ ਹੈ, ਇਸ ਬਾਰੇ ਫੈਸਲਾ ਪਾਰਟੀ ਨੇ ਲੈਣਾ ਹੈ।

ਆਪ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਆਪ ਨੂੰ ਰੋਕਣ ਲਈ ਕੈਪਟਨ ਵਲੋਂ ਪ੍ਰਧਾਨ ਮੰਤਰੀ ਦੇ ਇਸ਼ਾਰੇ ’ਤੇ ਨਵੀਂ ਪਾਰਟੀ ਬਣਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਵਿਧਾਇਕ ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਸਾਢੇ ਚਾਰ ਸਾਲਾਂ ਵਿਚ ਕੈਪਟਨ ਨੇ ਕੁਝ ਨਹੀਂ ਕੀਤਾ ਹੁਣ ਕੀ ਕਰਨਗੇ? ਜਿਹੜੀ ਪਾਰਟੀ ਨੇ ਕਿਸਾਨਾਂ ਵਿਰੁੱਧ ਕਾਨੂੰਨ ਬਣਾਏ, ਉਸੇ ਪਾਰਟੀ ਨਾਲ ਸਮਝੌਤਾ ਕਰ ਰਹੇ ਹਨ।

ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਤੇ ਪੰਜਾਬ ਭਾਜਪਾ ਦੇ ਜਨਰਲ ਸਕਤੱਰ ਜੀਵਨ ਗੁਪਤਾ ਨੇ ਕੈਪਟਨ ਨੂੰ ਰਾਸ਼ਟਰਵਾਦੀ ਨੇਤਾ ਦੱਸਦੇ ਹੋਏ ਕਿਹਾ ਕਿ ਕੈਪਟਨ ਅਤੇ ਭਾਜਪਾ ਦੀ ਵਿਚਾਰਧਾਰਾ ਮਿਲਦੀ ਹੈ। ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤੇ ਬਾਰੇ ਫੈਸਲਾ ਹਾਈ ਕਮਾਨ ਕਰੇਗੀ ਪਰ ਜੇਕਰ ਰਾਸ਼ਟਰਵਾਦੀ ਤਾਕਤਾਂ ਇਕੱਠੀਆਂ ਹੋ ਕੇ ਚੋਣਾਂ ਲੜਨਗੀਆਂ ਤਾਂ ਪੰਜਾਬ ਦਾ ਭਲਾ ਹੋਵੇਗਾ।

Posted By: Jatinder Singh