ਸਟੇਟ ਬਿਊਰੋ, ਚੰਡੀਗੜ੍ਹ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਿਸੇ ਵੀ ਸੂਬੇ ਤੋਂ ਪੰਜਾਬ ਆਉਣ ਵਾਲੇ ਸਾਰੇ ਲੋਕਾਂ ਲਈ ਈ-ਰਜਿਸਟ੍ਰੇਸ਼ਨ ਤੇ ਮੈਡੀਕਲ ਜਾਂਚ ਨੂੰ ਲਾਜ਼ਮੀ ਕਰ ਦਿੱਤਾ ਹੈ। ਇਹ ਵਿਵਸਥਾ 7 ਜੁਲਾਈ ਤੋਂ ਲਾਗੂ ਹੋਵੇਗੀ। ਨਵੀਂ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਕੋਈ ਭਾਵੇਂ ਬਾਲਗ ਹੋਵੇ ਜਾਂ ਨਾਬਾਲਗ, ਸਾਰਿਆਂ ਦੀ ਜਾਂਚ ਕੀਤੀ ਜਾਵੇਗੀ। ਸੜਕ, ਰੇਲ ਜਾਂ ਹਵਾਈ ਜਹਾਜ਼ ਜ਼ਰੀਏ ਪੰਜਾਬ ਆਉਣ ਵਾਲਿਆਂ ਦੀ ਜਾਂਚ ਲਾਜ਼ਮੀ ਹੋਵੇਗੀ। ਸੂਬੇ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਖ਼ੁਦ ਨੂੰ ਈ-ਰਜਿਸਟਰ ਕਰਵਾਉਣਾ ਪਵੇਗਾ। ਜੇ ਕੋਈ ਸੜਕ ਰਾਹੀਂ ਆਪਣੇ ਨਿੱਜੀ ਵਾਹਨ 'ਤੇ ਆ ਰਿਹਾ ਹੈ ਤਾਂ ਉਸ ਨੂੰ ਆਪਣੇ ਮੋਬਾਈਲ ਫੋਨ 'ਤੇ ਕੋਵਾ ਐਪ ਡਾਊਨਲੋਡ ਕਰਨਾ ਪਵੇਗਾ। ਈ-ਰਜਿਸਟ੍ਰੇਸ਼ਨ ਸਲਿਪ ਡਾਊਨਲੋਡ ਕਰ ਕੇ ਆਪਣੇ ਵਾਹਨ ਦੇ ਅੱਗੇ ਵਾਲੇ ਸ਼ੀਸੇ 'ਤੇ ਲਾਉਣੀ ਪਵੇਗੀ। ਜੇ ਕੋਈ ਜਨਤਕ ਵਾਹਨ ਜਾਂ ਰੇਲ, ਹਵਾਈ ਯਾਤਰਾ ਜ਼ਰੀਏ ਆ ਰਿਹਾ ਹੈ ਤਾਂ ਉਸ ਨੂੰ ਮੋਬਾਈਲ ਫੋਨ 'ਤੇ ਇਸ ਸਲਿਪ ਆਪਣੇ ਕੋਲ ਰੱਖਣੀ ਪਵੇਗੀ ਜਾਂ ਐੱਚਟੀਟੀਪੀਐੱਸ//ਕੋਵਾ.ਪੰਜਾਬ.ਜੀਓਵੀ.ਇਨ/ਰਜਿਸਟ੍ਰੇਸ਼ਨ ਪੋਰਟਲ 'ਤੇ ਲਾਗਇਨ ਕਰ ਕੇ ਆਪਣੇ ਸਮੇਤ ਪਰਿਵਾਰਕ ਮੈਂਬਰਾਂ ਦੀ ਈ-ਰਜਿਸਟ੍ਰੇਸ਼ਨ ਕਰਨੀ ਹੋਵੇਗੀ।

Posted By: Jagjit Singh