ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ‘‘ਸੂਬਾ ਸਰਕਾਰ ਵੱਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਤੇ ਗੰਨਾ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ’’। ਇਹ ਪ੍ਰਗਟਾਵਾ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਗਵਾੜਾ ਖੰਡ ਮਿੱਲ ਦੇ ਮਸਲੇ ਦਾ ਹੱਲ ਕੱਢਣ ਲਈ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਕੀਤਾ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਸੀਜ਼ਨ ਦੌਰਾਨ ਫਗਵਾੜਾ ਖੰਡ ਮਿਲ ਚਲਾਉਣ ਲਈ ਵੱਖ-ਵੱਖ ਪੱਧਰ ’ਤੇ ਗੱਲਬਾਤ ਕੀਤੀ ਜਾ ਰਹੀ ਹੈ।

ਧਾਲੀਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਸੁਹਿਰਦ ਹੈ ਤੇ ਸੂਬੇ ਦੀ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਫਗਵਾੜਾ ਖੰਡ ਮਿੱਲ ਵੱਲ ਬਕਾਇਆ ਰਾਸ਼ੀ ਨੂੰ ਦਿਵਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਖੰਡ ਮਿੱਲ ਮਾਲਕਾਂ, ਬੈਂਕਾ ਤੇ ਹੋਰ ਕਾਨੂੰਨੀ ਪਹਿਲੂਆਂ ਨੂੰ ਵਿਚਾਰ ਕੇ ਜਲਦੀ ਕਿਸਾਨਾਂ ਨੂੰ ਖੁਸ਼ਖ਼ਬਰੀ ਦਿੱਤੀ ਜਾਵੇਗੀ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਫਗਵਾੜਾ ਖੰਡ ਮਿੱਲ ਬੰਦ ਨਹੀਂ ਹੋਣ ਦਿੱਤੀ ਜਾਵੇਗੀ, ਇਸ ਨੂੰ ਚਲਾਉਣ ਲਈ ਕਈ ਪ੍ਰਾਈਵੇਟ ਫਰਮਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਸਰਕਾਰ ਇਸ ਮਿੱਲ ਨੂੰ ਚਲਾਵੇਗੀ ਪਰ ਗੰਨਾ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਧਾਲੀਵਾਲ ਨੇ ਫਗਵਾੜਾ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਨਾ ਖਤਮ ਕਰ ਕੇ ਘਰਾਂ ਨੂੰ ਜਾਣ। ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਸੀਨੀਅਰ ਉਪ ਪ੍ਰਧਾਨ ਕਿਰਪਾਲ ਸਿੰਘ, ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਤੇ ਜਲੰਧਰ ਤੋਂ ਕਿਸਾਨ ਆਗੂ ਹਰਪ੍ਰੀਤ ਸਿੰਘ ਹਾਜ਼ਰ ਸਨ।

Posted By: Jagjit Singh