ਜੇਐੱਸ ਕਲੇਰ, ਜ਼ੀਰਕਪੁਰ : ਸ਼ੁੱਕਰਵਾਰ ਨੂੰ ਪੰਜਾਬ ਭਰ 'ਚ ਸਰਵਰ 'ਚ ਤਕਨੀਕੀ ਨੁਕਸ ਪੈਣ ਕਾਰਨ ਸਬ-ਤਹਿਸੀਲ ਜ਼ੀਰਕਪੁਰ 'ਚ ਸ਼ਾਮ 5 ਵਜੇ ਤਕ ਰਜਿਸਟਰੀ ਦਾ ਕੰਮ ਬੰਦ ਰਿਹਾ। ਇਸ ਕਾਰਨ ਦੂਰ-ਦਰਾਜ ਤੋਂ ਆਉਣ ਵਾਲੇ ਲੋਕਾਂ ਨੂੰ ਖੱਜਲ਼-ਖੁਆਰ ਹੋਣਾ ਪਿਆ। ਹਾਸਲ ਜਾਣਕਾਰੀ ਅਨੁਸਾਰ ਰੋਜ਼ਾਨਾਂ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਵੱਡੀ ਗਿਣਤੀ 'ਚ ਲੋਕ ਰਜਿਸਟਰੀ ਕਰਵਾਉਣ ਲਈ ਜ਼ੀਰਕਪੁਰ ਸਬ-ਤਹਿਸੀਲ ਪੁੱਜੇ ਹੋਏ ਸਨ। ਪਰ ਸਵੇਰ ਤੋਂ ਹੀ ਸੂਬੇ 'ਚ ਆਨਲਾਈਨ ਪੋਰਟਲ ਸਰਵਰ 'ਚ ਤਕਨੀਕੀ ਨੁਕਸ ਪੈਣ ਕਰ ਕੇ ਸ਼ਾਮ ਤੱਕ ਸਮੱਸਿਆ ਬਣੀ ਰਹੀ। ਪਹਿਲਾਂ ਤਾਂ ਅਧਿਕਾਰੀ ਇਹ ਸੋਚ ਕੇ ਉਡੀਕ ਕਰਨ ਲੱਗੇ ਕਿ ਇੰਟਰਨੈੱਟ ਡਾਊਨ ਹੈ ਤੇ ਜਦੋਂ ਕਾਫੀ ਦੇਰ ਤਕ ਪੇ੍ਸ਼ਾਨੀ ਰਹਿ ਤਾਂ ਅਧਿਕਾਰੀਆਂ ਨੇ ਇਸ ਦੀ ਸੂਚਨਾ ਆਈਟੀ ਵਿਭਾਗ ਨੂੰ ਦਿੱਤੀ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸਾਰੇ ਸੂਬੇ 'ਚ ਪੇਸ਼ ਆ ਰਹੀ ਤਕਨੀਕੀ ਖ਼ਰਾਬੀ ਦੀ ਜਾਣਕਾਰੀ ਮਿਲੀ। ਅਧਿਕਾਰੀ ਸ਼ਾਮ ਤਕ ਸਰਵਰ ਠੀਕ ਹੋਣ ਦਾ ਇੰਤਜਾਰ ਕਰਦੇ ਜਿਸ ਕਾਰਨ ਸੈਂਕੜੇ ਲੋਕਾਂ ਨੂੰ ਤਹਿਸੀਲ 'ਚ ਖੜ੍ਹੇ ਹੋ ਕੇ ਉਡੀਕ ਕਰਨੀ ਪਈ। ਹਾਲਾਂਕਿ ਸ਼ਾਮ 5 ਵਜੇ ਸਰਵਰ ਮੁੜ ਚਾਲੂ ਹੋ ਗਿਆ ਜਿਸ ਤੋਂ ਬਾਅਦ ਤਹਿਸੀਲ 'ਚ ਉਡੀਕ ਕਰ ਰਹੇ ਲੋਕਾਂ ਦੀਆਂ ਰਜਿਸਟਰੀਆਂ ਕੀਤੀਆਂ ਗਈਆਂ।

ਨਾਇਬ ਤਹਿਸੀਲਦਾਰ ਜਗਪਾਲ ਸਿੰਘ ਗਿੱਲ ਨੇ ਕਿਹਾ ਕਿ ਸਾਰਾ ਦਿਨ ਸਰਵਰ ਦੀ ਤਕਨੀਕੀ ਖ਼ਰਾਬੀ ਹੋਣ ਕਰ ਕੇ ਰਜਿਸਟਰੀਆਂ ਦੀ ਆਨਲਾਈਨ ਐਂਟਰੀ ਨਹੀਂ ਹੋ ਸਕੀ, ਸ਼ਾਮ ਨੂੰ 5 ਵਜੇ ਤੋਂ ਬਾਅਦ ਸਰਵਰ ਠੀਕ ਹੋਣ 'ਤੇ ਰਜਿਸਟਰੀਆਂ ਕੀਤੀਆਂ ਗਈਆਂ।