ਵੈੱਬ ਡੈਸਕ, ਜਲੰਧਰ : Punjab State Recruitments : ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ, ਖ਼ੁਦਮੁਖ਼ਤਿਆਰੀ ਸੰਸਥਾਵਾਂ, ਯੂਨੀਵਰਸਿਟੀਆਂ, ਪੰਜਾਬ ਰਾਜ ਲੋਕ ਸੇਵਾ ਕਮਿਸ਼ਨ ਤੇ ਅਧੀਨ ਸੇਵਾਵਾਂ ਚੋਣ ਬੋਰਡ (SSSB) ਸਮੇਤ ਸਾਰੇ ਸਰਕਾਰੀ ਅਦਾਰਿਆਂ ਨੂੰ ਮੌਜੂਦਾ ਸਮੇਂ ਚੱਲ ਰਹੀਆਂ ਵੱਖ-ਵੱਖ ਅਹੁਦਿਆਂ ਲਈ ਭਰਤੀ ਪ੍ਰਕਿਰਿਆਵਾਂ ਤਹਿਤ ਅਪਲਾਈ ਕਰਨ ਦੀ ਅੰਤਿਮ ਤਾਰੀਕ ਵਧਾਉਣ ਦੀ ਹਦਾਇਤ ਦਿੱਤੀ ਹੈ। ਪੰਜਾਬ ਚੀਫ ਸਕੱਤਰ ਨੇ ਅੱਜ 31 ਮਾਰਚ 2020 ਨੂੰ ਟਵੀਟ ਜਾਰੀ ਕਰ ਕੇ ਸਾਰੇ ਵਿਭਾਗਾਂ ਨੂੰ ਭਰਤੀਆਂ ਲਈ ਅਰਜ਼ੀਆਂ ਭੇਜਣ ਦੀ ਅੰਤਿਮ ਤਾਰੀਕ ਨੂੰ 30 ਅਪ੍ਰੈਲ 2020 ਜਾਂ ਉਸ ਤੋਂ ਅੱਗੇ ਵਧਾਉਣ ਦਾ ਨਿਰਦੇਸ਼ ਦਿੱਤਾ ਹੈ। ਅਪਲਾਈ ਕਰਨ ਦੀਆਂ ਆਖ਼ਰੀ ਤਾਰੀਕਾਂ ਵਧਾਉਣ ਦਾ ਫ਼ੈਸਲਾ ਮੌਜੂਦਾ ਸਮੇਂ ਚੱਲ ਰਹੇ 21 ਦਿਨਾਂ ਦੇ ਲਾਕਡਾਊਨ ਦੇ ਮੱਦੇਨਜ਼ਰ ਲਿਆ ਗਿਆ ਹੈ।

ਦੱਸ ਦੇਈਏ ਕਿ ਸੂਬੇ 'ਚ ਵੱਖ-ਵੱਖ ਵਿਭਾਗਾਂ 'ਚ ਅਲੱਗ-ਅਲੱਗ ਭਰਤੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ 544 ਪ੍ਰਿੰਸੀਪਲ, ਹੈੱਡ ਮਾਸਟਰ ਸਮੇਤ ਵੱਖ-ਵੱਖ ਅਹੁਦਿਆਂ ਦੀ ਭਰਤੀ ਤੇ 14 ਫੰਕਸ਼ਨਲ ਮੈਨੇਜਰ (ਗਰੁੱਪ ਬੀ) ਦੀ ਭਰਤੀ, ਸਕੂਲ ਐਜੂਕੇਸ਼ਨ ਡਿਪਾਰਟਮੈੇਂਟ 'ਚ 1664 ਅਧਿਆਪਕਾਂ ਦੀ ਭਰਤੀ, ਸਰਬ ਸਿੱਖਿਆ ਅਭਿਆਨ (SSA), ਪੰਜਾਬ ਤਹਿਤ ਵੱਖ-ਵੱਖ ਅਹੁਦਿਆਂ ਦੀ ਭਰਤੀ ਆਦਿ ਸ਼ਾਮਲ ਹਨ ਜਿਨ੍ਹਾਂ ਦੀਆਂ ਤਾਰੀਕਾਂ ਵਧਣ ਨਾਲ ਸਬੰਧਤ ਨੋਟਿਸ ਛੇਤੀ ਜਾਰੀ ਕੀਤੇ ਜਾ ਸਕਦੇ ਹਨ।

Posted By: Seema Anand