ਜ.ਸੰ., ਚੰਡੀਗੜ੍ਹ : ਬਾਜ਼ਾਰ 'ਚ ਔਰਤਾਂ ਅਕਸਰ ਸਾਮਾਨ ਖਰੀਦਣ ਵੇਲੇ ਕਾਫੀ ਮੋਲ-ਭਾਅ ਕਰਦੀਆਂ ਹਨ ਪਰ ਚੰਡੀਗੜ੍ਹ ਦਾ ਇਕ ਵਿਅਕਤੀ ਆਨ-ਡਿਮਾਂਡ ਬਾਜ਼ਾਰ ਤੋਂ 10 ਗੁਣਾ ਜ਼ਿਆਦਾ ਕੀਮਤ 'ਤੇ ਹਾਈ ਹੀਲ ਦੇ ਸੈਂਡਲ ਵੇਚਦਾ ਸੀ। ਇਸ ਸੈਂਡਲ ਦੀ ਔਰਤਾਂ ਦੇ ਨਾਲ-ਨਾਲ ਪੁਰਸ਼ਾਂ 'ਚ ਵੀ ਬਹੁਤ ਮੰਗ ਸੀ। ਹਾਲਾਂਕਿ ਇਸ ਦਾ ਕਾਰਨ ਸੈਂਡਲ ਪਹਿਨਣਾ ਨਹੀਂ ਸਗੋਂ ਹੈਰਾਨੀਜਨਕ ਹੈ।

ਹਾਈ ਹੀਲਜ਼ ਸੈਂਡਲ ਵੇਚਣ ਵਾਲਾ ਇਹ ਵਿਅਕਤੀ ਕੋਈ ਵਪਾਰੀ ਜਾਂ ਦੁਕਾਨਦਾਰ ਨਹੀਂ ਸਗੋਂ ਨਸ਼ਾ ਤਸਕਰ ਹੈ ਅਤੇ ਸੈਂਡਲਾਂ ਦੇ ਤਲੇ 'ਚ ਨਸ਼ੀਲਾ ਪਦਾਰਥ (ਚਿੱਟਾ) ਲੁਕਾ ਕੇ ਔਰਤਾਂ ਤੇ ਮਰਦਾਂ ਨੂੰ ਨਸ਼ਾ ਵੇਚਦਾ ਸੀ। ਫਿਲਹਾਲ ਮੁਲਜ਼ਮ ਸੈਕਟਰ-52 ਦੇ ਰਹਿਣ ਵਾਲੇ 22 ਸਾਲਾ ਅਮਿਤ ਕੁਮਾਰ ਉਰਫ ਡੈਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੈਕਟਰ-31 ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ-21 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ।

ਫਿਲਮ ਦੇਖ ਕੇ ਦਿਮਾਗ਼ 'ਚ ਆਇਆ ਆਇਡੀਆ

ਪੁਲਿਸ ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਨਸ਼ਾ ਤਸਕਰ ਅਮਿਤ ਕੁਮਾਰ ਨੇ ਦੱਸਿਆ ਕਿ ਪਹਿਲਾਂ ਉਹ ਨਸ਼ੇ ਦੀ ਲਤ 'ਚ ਫਸਿਆ। ਰੋਜ਼ੀ-ਰੋਟੀ ਕਮਾਉਣ ਲਈ ਉਸ ਨੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਅਮਿਤ ਕੁਮਾਰ ਦਿੱਲੀ ਤੋਂ ਨਸ਼ਿਆਂ ਦੀਆਂ ਖੇਪਾਂ ਲਿਆ ਕੇ ਆਪਣੇ ਸਰਕਲ 'ਚ ਸਪਲਾਈ ਕਰਨ ਲੱਗਾ। ਇਸ ਨਾਲ ਉਸਦੇ ਖਰਚੇ ਵੀ ਪੂਰੇ ਹੋ ਲੱਗੇ। 22 ਸਤੰਬਰ 2021 ਨੂੰ ਸੈਕਟਰ-39 ਥਾਣੇ ਦੀ ਪੁਲਿਸ ਨੇ ਉਸ ਨੂੰ ਨਸ਼ੇ ਦੀ ਹਾਲਤ 'ਚ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੇ ਨਸ਼ੇ ਦੀ ਤਸਕਰੀ ਦਾ ਇਹ ਤਰੀਕਾ ਇਕ ਫਿਲਮ ਤੋਂ ਸਿੱਖਿਆ ਜਿਸ ਵਿੱਚ ਸੋਨੇ ਦੀ ਤਸਕਰੀ ਵੀ ਇਸੇ ਤਰ੍ਹਾਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਹ ਚਿੱਟਾ ਦਿੱਲੀ ਤੋਂ ਸਸਤੇ ਭਾਅ 'ਤੇ ਲਿਆ ਕੇ ਟ੍ਰਾਈਸਿਟੀ 'ਚ ਮਹਿੰਗੇ ਮੁੱਲ 'ਤੇ ਵੇਚਦਾ ਸੀ। ਇਸ ਦੇ ਨਾਲ ਹੀ ਮੁਲਜ਼ਮ ਦੇ ਇਸ਼ਾਰੇ ’ਤੇ ਪੁਲਿਸ ਨੇ ਸੈਕਟਰ-43 ਸਥਿਤ ਜੰਗਲ ਇਲਾਕੇ 'ਚੋਂ ਲੇਡੀਜ਼ ਸੈਂਡਲ ਵੀ ਬਰਾਮਦ ਕੀਤੇ ਹਨ।

ਇੰਝ ਹੋਈ ਗ੍ਰਿਫ਼ਤਾਰੀ

ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਸਤਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਨੀਰਜ ਕੁਮਾਰ ਸਮੇਤ ਪੁਲਿਸ ਮੁਲਾਜ਼ਮਾਂ ਦੀ ਟੀਮ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਪੈਟਰੋਲ ਪੰਪ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਨਸ਼ਾ ਤਸਕਰ ਅਮਿਤ ਕੁਮਾਰ ਪੈਦਲ ਉੱਥੋਂ ਲੰਘ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਆਪਣਾ ਰਸਤਾ ਬਦਲ ਲਿਆ ਤੇ ਭੱਜਣ ਲੱਗਾ। ਪੁਲਿਸ ਨੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸੈਂਡਲ ਬਰਾਮਦ ਹੋਏ। ਜਦੋਂ ਇਸ ਉੱਚੀ ਹੀਲ ਵਾਲੀ ਸੈਂਡਲ ਦੀ ਜਾਂਚ ਕੀਤੀ ਗਈ ਤਾਂ ਇਸ ਦੇ ਤਲੇ 'ਚੋਂ 540 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ।

Posted By: Seema Anand