ਡਾ. ਨਵਜੋਤ ਨੇ ਕਿਹਾ ਕਿ ਉਹ ਪੈਸੇ ਨਹੀਂ ਦੇ ਸਕਦੇ ਪਰ ਨਤੀਜੇ ਜ਼ਰੂਰ ਦੇ ਸਕਦੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਉਦੋਂ ਸਿਆਸਤ ਵਿਚ ਪਰਤਣਗੇ ਜਦੋਂ ਉਨ੍ਹਾਂ ਨੂੰ ਕਿਸੇ ਪਾਰਟੀ ਵੱਲੋਂ ‘ਸੀਐੱਮ ਫੇਸ’ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਨਾਲ ਜੁੜੇ ਹੋਏ ਹਨ, ਖ਼ਾਸਕਰ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਦਾ ਡੂੰਘਾ ਲਗਾਅ ਹੈ ਪਰ ਕਾਂਗਰਸ ਵਿਚ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਦੇ ਪੰਜ ਦਾਅਵੇਦਾਰ ਹਨ ਤੇ ਪਾਰਟੀ ਦੇ ਅੰਦਰ ਖਿੱਚੋਤਾਣ ਸਿਖਰ ’ਤੇ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਸਿਆਸਤ ਦਾ ਪਾਰਾ ਹੁਣੇ ਹੀ ਚੜ੍ਹਨਾ ਸ਼ੁਰੂ ਹੋ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿਚ ਸੰਭਾਵਤ ਵਾਪਸੀ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਕ ਬਿਆਨ ਦੇ ਕੇ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਵਿਚ ਮੁੱਖ ਮੰਤਰੀ ਅਹੁਦਾ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਦੀ ਲੋੜ ਹੁੰਦੀ ਹੈ ਜਦਕਿ ਉਨ੍ਹਾਂ ਕੋਲ ਕਿਸੇ ਨੂੰ ਦੇਣ ਲਈ ਇੰਨੇ ਪੈਸੇ ਨਹੀਂ ਹਨ।
ਡਾ. ਨਵਜੋਤ ਨੇ ਕਿਹਾ ਕਿ ਉਹ ਪੈਸੇ ਨਹੀਂ ਦੇ ਸਕਦੇ ਪਰ ਨਤੀਜੇ ਜ਼ਰੂਰ ਦੇ ਸਕਦੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਉਦੋਂ ਸਿਆਸਤ ਵਿਚ ਪਰਤਣਗੇ ਜਦੋਂ ਉਨ੍ਹਾਂ ਨੂੰ ਕਿਸੇ ਪਾਰਟੀ ਵੱਲੋਂ ‘ਸੀਐੱਮ ਫੇਸ’ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਨਾਲ ਜੁੜੇ ਹੋਏ ਹਨ, ਖ਼ਾਸਕਰ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਦਾ ਡੂੰਘਾ ਲਗਾਅ ਹੈ ਪਰ ਕਾਂਗਰਸ ਵਿਚ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਦੇ ਪੰਜ ਦਾਅਵੇਦਾਰ ਹਨ ਤੇ ਪਾਰਟੀ ਦੇ ਅੰਦਰ ਖਿੱਚੋਤਾਣ ਸਿਖਰ ’ਤੇ ਹੈ।
ਡਾ. ਨਵਜੋਤ ਕੌਰ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨਾਲ ਮਿਲ ਕੇ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ। ਸਵਾਲ ਦੇ ਜਵਾਬ ਵਿਚ, ਡਾ. ਨਵਜੋਤ ਨੇ ਕਿਹਾ ਕਿ ਕਿਸੇ ਨੇ ਵੀ ਪੈਸੇ ਦੀ ਗੱਲ ਨਹੀਂ ਕੀਤੀ ਪਰ ਸੀਐੱਮ ਦਾ ਚਿਹਰਾ ਓਹੀ ਬਣਦਾ ਹੈ ਜੋ 500 ਕਰੋੜ ਦਾ ਅਟੈਚੀ ਦਿੰਦਾ ਹੈ।
ਇਹ ਸਵਾਲ ਕਿ ਜੇ ਭਾਜਪਾ ਕੋਈ ਜ਼ਿੰਮੇਵਾਰੀ ਦਿੰਦੀ ਹੈ, ਤਾਂ ਕੀ ਨਵਜੋਤ ਸਿੰਘ ਸਿੱਧੂ ਵਾਪਸੀ ਕਰਨਗੇ? ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਦੀ ਤਰਫੋਂ ਨਹੀਂ ਦੱਸ ਸਕਦੀ’। ਡਾ. ਨਵਜੋਤ ਨੇ ਕਿਹਾ ਕਿ ਪੰਜਾਬ ਵਿਚ ਲੋਕ ਰੋ ਰਹੇ ਹਨ, ਕਾਰੋਬਾਰੀ ਹਰ ਰੋਜ਼ ਛੱਡ ਕੇ ਜਾ ਰਹੇ ਹਨ। ਪਹਿਲਾਂ ਫਿਰੌਤੀ ਲਈ ਕਾਲਾਂ ਆਉਂਦੀਆਂ ਸਨ, ਹੁਣ ਤਾਂ ਗੋਲੀ ਵੱਜਦੀ ਹੈ ਤੇ ਪਤਾ ਨਹੀਂ ਚੱਲਦਾ ਕਿ ਗੋਲੀ ਕਿਉਂ ਚਲਾਈ ਗਈ? ਕਾਤਲ ਫੜੇ ਨਹੀਂ ਜਾਂਦੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦਾ ਮੁੱਦਾ ਵੀ ਚੁੱਕਿਆ। ਇਸ ਤੋਂ ਇਲਾਵਾ ਨਵੀਂ ਦਿੱਲੀ ਦਾ ਰੇਲਵੇ ਸਟੇਸ਼ਨ ਦਾ ਨਾਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਂ ’ਤੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ ਰੇਲ ਗੱਡੀ ਬਣਾਈ ਜਾਵੇ, ਜਿਸ ਵਿਚ ਨੌਵੇਂ ਪਾਤਸ਼ਾਹ ਬਾਰੇ ਜਾਣਕਾਰੀਆਂ ਦਰਜ ਹੋਣ।
ਉਨ੍ਹਾਂ ਦੋਸ਼ ਲਾਏ ਕਿ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਪਾਰਟੀ ਨੂੰ ਕਮਜ਼ੋਰ ਕਰ ਰਹੀ ਹੈ ਜਦਕਿ ਸਿੱਧੂ ਸਿਆਸਤ ਵਿਚ ਪੈਸੇ ਲਈ ਨਹੀਂ, ਸਗੋਂ ਕੰਮ ਕਰਨ ਲਈ ਆਏ ਸਨ। ਜੇ ਕਿਸੇ ਵੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦਿੱਤੀ, ਤਾਂ ਉਹ ਪੰਜਾਬ ਨੂੰ ਸੋਨੇ ਦਾ ਸੂਬਾ ਬਣਾ ਦੇਣਗੇ।
ਡਾ. ਨਵਜੋਤ ਦੇ ਬਿਆਨ ਤੋਂ ਬਾਅਦ ਸਿਆਸੀ ਗੱਲਾਂ-ਬਾਤਾਂ ਵਿਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ 2027 ਤੋਂ ਪਹਿਲਾਂ ਸਿੱਧੂ ਕੋਈ ਵੱਡਾ ਕਦਮ ਉਠਾ ਸਕਦੇ ਹਨ ਅਤੇ ਕੀ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਜੋਖਮ ਲਏਗੀ।