ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐਸ.ਐਸ.ਐਸ.ਬੀ.) ਦੇ ਨਵ-ਨਿਯੁਕਤ ਮੈਂਬਰਾਂ ਦੀ ਪਲੇਠੀ ਮੀਟਿੰਗ ਰਮਨ ਬਹਿਲ ਦੀ ਪ੍ਰਧਾਨਗੀ ਅਧੀਨ ਬੁੱਧਵਾਰ ਨੂੰ ਬੋਰਡ ਕਾਨਫਰੰਸ ਰੂਮ ਵਿਚ ਹੋਈ।

ਇਹ ਮੀਟਿੰਗ ਬਹੁਤ ਹੀ ਉਸਾਰੂ ਸਾਬਤ ਹੋਈ ਕਿਉਂਕਿ ਇਸ ਵਿਚ ਤਕਰੀਬਨ 5 ਸਾਲਾਂ ਤੋਂ ਲੰਬਿਤ ਪਏ 400 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਲਿਆ ਗਿਆ। ਬੋਰਡ ਦੇ ਚੇਅਰਮੈਨ ਬਹਿਲ ਨੇ ਦੱਸਿਆ ਕਿ ਅਪ੍ਰੈਲ 2016 ਵਿਚ ਸਟੈਨੋ ਟਾਈਪਿਸਟਾਂ ਦੀ ਭਰਤੀ ਲਈ ਹੋਈ ਪ੍ਰੀਖਿਆ ਵਿਚ ਚੁਣੇ ਗਏ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਦਾ ਫੈਸਲਾ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ।

ਉਨ੍ਹਾਂ ਦੱਸਿਆ “ਇਹ ਪ੍ਰੀਖਿਆ ਬਹੁਤ ਸਮਾਂ ਪਹਿਲਾਂ ਹੋਈ ਸੀ ਪਰ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ: 7786/2019 ਸਰਵਪ੍ਰੀਤ ਕੌਰ ਬਨਾਮ ਪੰਜਾਬ ਸਰਕਾਰ ਅਤੇ ਹੋਰਨਾਂ ਦੇ ਸਬੰਧ ਵਿਚ ਲਗਾਏ ਗਈ ਸਟੇਅ ਕਾਰਨ ਸਫਲ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਨਹੀਂ ਕੀਤੀ ਜਾ ਸਕੀ ਸੀ। ਚੇਅਰਮੈਨ ਨੇ ਕਿਹਾ ਕਿ ਮੈਂਬਰਾਂ ਨੇ ਅਦਾਲਤ ਦੇ ਫ਼ੈਸਲੇ ਨੂੰ ਇਨ-ਬਿਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤਰ੍ਹਾਂ 404 ਸਫਲ ਉਮੀਦਵਾਰਾਂ ਨੂੰ ਮੈਰਿਟ ਅਤੇ ਉਨ੍ਹਾਂ ਦੁਆਰਾ ਦਿੱਤੇ ਅਪਾਸ਼ਨਾਂ ਦੇ ਅਧਾਰ 'ਤੇ 28 ਵੱਖ-ਵੱਖ ਵਿਭਾਗ ਅਲਾਟ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਬੋਰਡ ਦੇ ਮੈਂਬਰ ਜਸਪਾਲ ਸਿੰਘ ਢਿੱਲੋਂ, ਕੁਲਦੀਪ ਸਿੰਘ ਕਾਹਲੋਂ, ਪ੍ਰਿੰਸੀਪਲ ਬਿਹਾਰੀ ਸਿੰਘ, ਰਜਨੀਸ਼ ਸਹੋਤਾ, ਸਮਸ਼ਾਦ ਅਲੀ, ਰੋਮਿਲਾ ਬਾਂਸਲ, ਭੁਪਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਹਰਪ੍ਰਤਾਪ ਸਿੰਘ ਸਿੱਧੂ, ਅਲਤਾ ਆਹਲੂਵਾਲੀਆ ਅਤੇ ਪੀ.ਐਸ.ਐਸ.ਐਸ.ਬੀ. ਦੇ ਅਧਿਕਾਰੀਆਂ ਨੇ ਦਫ਼ਤਰ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਕੰਮ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ।

Posted By: Tejinder Thind