ਇੰਦਰਪ੍ਰਰੀਤ ਸਿੰਘ, ਚੰਡੀਗੜ੍ਹ : ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ 2018 'ਚ ਸਿੱਖ ਜਥੇਬੰਦੀਆਂ ਦੇ ਧਰਨਿਆਂ ਤੋਂ ਬਾਅਦ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਦੀ ਟਿੱਪਣੀ ਸੀ ਕਿ ਜੇਕਰ ਅਸੀਂ ਇਸ ਮਾਮਲੇ 'ਚ ਪੀੜਤਾਂ ਨੂੰ ਨਿਆ ਨਾ ਦਿਵਾਇਆ ਤਾਂ ਸਾਡੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਜ਼ਿਆਦਾ ਮਾੜੀ ਹੋਵੇਗੀ। ਤਿੰਨ ਸਾਲਾਂ ਬਾਅਦ ਜਦੋਂ ਸੋਮਵਾਰ ਨੂੰ ਕੈਬਨਿਟ ਮੰਤਰੀਆਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕਰ ਰਹੇ ਸੀ ਤਾਂ ਜਿਸ ਤਰ੍ਹਾਂ ਨਾਲ ਤਲਖੀ ਨਜ਼ਰ ਆਈ, ਉਸ ਤੋਂ ਸਾਫ ਲੱਗਣ ਲੱਗਾ ਸੀ ਕਿ ਬਾਜਵਾ ਦੀ ਗੱਲ ਸਹੀ ਸਾਬਿਤ ਹੋਣ ਦੀ ਦਿਸ਼ਾ ਵੱਲ ਵੱਧ ਰਹੀ ਹੈ।

ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੋਵੇ ਪਰ ਮੰਤਰੀਆਂ ਤੇ ਵਿਧਾਇਕਾਂ 'ਚ ਇਸ ਮਾਮਲੇ ਨੂੰ ਸਿਰੇ ਨਾ ਚੜ੍ਹਾਉਣ ਦਾ ਜੋ ਡਰ ਵੱਡਾ ਹੁੰਦਾ ਜਾ ਰਿਹਾ ਹੈ, ਉਸ ਨੇ ਉਨ੍ਹਾਂ 'ਚ ਬੇਚੈਨੀ ਵਧਾ ਦਿੱਤੀ ਹੈ। ਉਨ੍ਹਾਂ ਨੂੰ ਲੱਗਣ ਲੱਗਾ ਹੈ ਕਿ ਜੋ ਹਾਲ 2017 'ਚ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਸੀ, ਉਹੀ ਹਾਲ ਅਗਲੇ ਸਾਲ ਉਨ੍ਹਾਂ ਦਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਜਦੋਂ ਜੁਲਾਈ 2015 'ਚ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ 'ਚ ਗੁਰੂ ਗ੍ੰਥ ਸਾਹਿਬ ਦਾ ਪਾਵਨ ਸਵਰੂਪ ਚੋਰੀ ਹੋਇਆ ਤਾਂ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕੁਝ ਦਿਨ ਬਾਅਦ ਪਾਵਨ ਸਵਰੂਪ ਦੇ ਅੰਗਾਂ ਨੂੰ ਫੜ ਕੇ ਗਲੀ 'ਚ ਸੁੱਟ ਦਿੱਤਾ ਗਿਆ, ਜਿਸ ਕਾਰਨ ਸਿੱਖ ਸਮਾਜ 'ਚ ਭਾਰੀ ਰੋਸ ਪਾਇਆ ਗਿਆ। ਅਜਿਹਾ ਕਰਨ ਵਾਲਿਆਂ ਨੇ ਪਾਵਨ ਸਵਰੂਪ ਨੂੰ ਚੋਰੀ ਕਰਨ ਤੋਂ ਬਾਅਦ ਥਾਂ-ਥਾਂ ਪੋਸਟਰ ਵੀ ਚਿਪਕਾਏ, ਤਾਂ ਵੀ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਰੋਸ ਵਜੋਂ ਸਿੱਖ ਸੰਗਤ ਨੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਧਰਨਾ ਲਗਾ ਦਿੱਤਾ, ਜੋ ਦੋ ਮਹੀਨਿਆਂ ਤਕ ਚੱਲਿਆ ਪਰ ਇਸ ਦੇ ਬਾਵਜੂਦ ਅਕਾਲੀ ਭਾਜਪਾ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਸਗੋਂ ਇਨ੍ਹਾਂ ਨੂੰ ਖਦੇੜਨ ਲਈ ਕੋਟਪੂਰਾ ਤੇ ਬਹਿਬਲ ਕਲਾਂ 'ਚ ਗੋਲੀਆਂ ਵੀ ਚਲਾਈਆਂ। ਜਿਸ ਕਾਰਨ ਬਹਿਬਲ ਕਲਾਂ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਕਾਂਗਰਸ ਨੇ ਇਸ ਨੂੰ ਚੋਣ ਤੋਂ ਪਹਿਲਾਂ ਮੁੱਦਾ ਬਣਾਇਆ ਤੇ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਅਹਿਦ ਕੀਤਾ। ਪੂਰੀਆਂ ਚੋਣਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਨੂੰ ਟਾਰਗੇਟ ਕਰ ਕੇ ਲੜੀਆਂ ਗਈਆਂ। ਲੋਕਾਂ ਨੇ ਵੀ ਆਪਣਾ ਗੁੱਸਾ ਕੱਢਿਆ ਤੇ 10 ਸਾਲਾਂ ਤੋਂ ਸੱਤਾ 'ਤੇ ਕਾਬਜ਼ ਰਿਹਾ ਅਕਾਲੀ ਦਲ ਮੁੱਖ ਪਾਰਟੀ ਬਣਨ ਦੇ ਯੋਗ ਵੀ ਨਹੀਂ ਰਿਹਾ।

ਤਾਂ ਕੀ ਹੁਣ ਇਹ ਗੁੱਸਾ ਕਾਂਗਰਸੀਆਂ ਖ਼ਿਲਾਫ਼ ਵੀ ਫੁੱਟੇਗਾ। ਕਾਂਗਰਸ ਦਾ ਸਭ ਤੋਂ ਵੱਡਾ ਡਰ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵੀ ਬੇਅਦਬੀ ਮਾਮਲੇ 'ਚ ਕੋਈ ਠੋਸ ਕਾਰਵਾਈ ਨਹੀਂ ਕੀਤੀ। ਕੋਟਕਪੂਰਾ ਗੋਲੀਕਾਂਡ 'ਚ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਐੱਸਆਈਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦਿੱਤਾ ਤੇ ਮੁੱਖ ਮੰਤਰੀ ਦੇ ਮਨਾਉਣ ਦੇ ਬਾਵਜੂਦ ਉਹ ਨਹੀਂ ਮੰਨੇ। ਕੀ ਇਸ ਤਰ੍ਹਾਂ ਆਪਣੇ ਫੈਸਲੇ 'ਤੇ ਸੁਨੀਲ ਜਾਖੜ ਜਾਂ ਸੁਖਜਿੰਦਰ ਰੰਧਾਵਾ ਅੜੇ ਰਹਿਣਗੇ।

ਬੇਅਦਬੀ ਮਾਮਲਿਆਂ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਵੱਡੇ ਨੇਤਾ ਰੰਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਵਿਧਾਇਕ ਬੇਟੇ ਪਰਮਿੰਦਰ ਸਿੰਘ ਢੀਂਡਸਾ ਜਿਹੇ ਨੇਤਾ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਹਰ ਚਲੇ ਗਏ, ਉਸੇ ਤਰ੍ਹਾਂ ਹਾਲਾਤ ਕਾਂਗਰਸ 'ਚ ਬਣਦੇ ਜਾ ਰਹੇ ਹਨ। ਫਿਲਹਾਲ ਮੁੱਖ ਮੰਤਰੀ ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਅਸਤੀਫਾ ਰੱਦ ਕਰ ਦਿੱਤਾ ਗਿਆ ਹੈ ਪਰ ਸਾਫ ਹੈ ਕਿ ਹੁਣ ਪਾਰਟੀ 'ਚ ਚੰਗਿਆੜੀ ਭੜਕ ਉਠੀ ਹੈ ਅਤੇ ਕਿਸੇ ਵੀ ਸਮੇਂ ਵੱਡਾ ਧਮਾਕਾ ਹੋ ਸਕਦਾ ਹੈ।