ਜੇਐੱਨਐੱਨ, ਚੰਡੀਗੜ੍ਹ/ਜਲੰਧਰ : ਕਰਤਾਰਪੁਰ ਕਾਰੀਡੋਰ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਕਥਿਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਮਨਸ਼ਾ ਸਬੰਧੀ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਇਸ ਨਾਲ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਇਕ ਵਾਰ ਕਾਟੋ-ਕਲੇਸ਼ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਬਣਾਇਆ ਗਿਆ ਕਾਰੀਡੋਰ ਨਿਰਮਾਣ ਦੇ ਪਹਿਲਾਂ ਤੋਂ ਹੀ ਵਿਵਾਦਾਂ 'ਚ ਰਿਹਾ ਹੈ।

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਦੇ ਐਲਾਨ ਵੇਲੇ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਕੇ ਵਿਵਾਦਾਂ 'ਚ ਘਿਰ ਗਏ ਸਨ। ਇਸ ਤੋਂ ਬਾਅਦ ਨਿਰਮਾਣ, ਉਦਘਾਟਨ, ਅਲੱਗ-ਅਲੱਗ ਸਿਆਸੀ ਮੰਚਾਂ 'ਤੇ ਖ਼ਾਲਿਸਤਾਨੀ ਆਗੂਆਂ ਦੀ ਸ਼ਿਰਕਤ ਕਾਰਨ ਵੀ ਇਹ ਵਿਵਾਦਾਂ 'ਚ ਰਿਹਾ। ਸਭ ਤੋਂ ਵੱਡਾ ਵਿਵਾਦ ਪਾਕਿਸਤਾਨ ਦੀ ਮਨਸ਼ਾ ਦੇ ਮੁੱਦੇ 'ਤੇ ਹੀ ਰਿਹਾ।

ਕਰਤਾਰਪੁਰ ਸਾਹਿਬ 'ਚ ਪਾਕਿਸਤਾਨੀ ਪੀਐੱਮ ਇਮਰਾਨ ਖ਼ਾਨ ਤੇ ਪਾਕਿ ਆਰਮੀ ਚੀਫ ਬਾਜਵਾ ਨਾਲ ਨਵਜੋਤ ਸਿੰਘ ਸਿੱਧੂ।

ਤਾਜ਼ਾ ਵਿਵਾਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਹੈ। ਇਕ ਅੰਗਰੇਜ਼ੀ ਅਖਬਾਰ 'ਚ ਛਪੇ ਉਨ੍ਹਾਂ ਦੇ ਕਥਿਤ ਬਿਆਨ 'ਚ ਕਿਹਾ ਗਿਆ, 'ਪਾਕਿਸਤਾਨ 'ਚ ਕਰਤਾਰਪੁਰ ਗਏ ਸ਼ਰਧਾਲੂ ਉੱਥੇ 6 ਘੰਟੇ ਰਹਿੰਦੇ ਹਨ। ਇੰਨੀ ਦੇਰ 'ਚ ਉਨ੍ਹਾਂ ਨੂੰ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਸਵੇਰੇ ਗਿਆ ਵਿਅਕਤੀ ਸ਼ਾਮ ਤਕ ਅੱਤਵਾਦੀ ਬਣਾਇਆ ਜਾ ਸਕਦਾ ਹੈ।

ਕਾਰੀਡੋਰ ਦੀ ਸੁਰੱਖਿਆ ਤੇ ਪਾਕਿਸਤਾਨ ਦੀ ਮਨਸ਼ਾ 'ਤੇ ਵਾਰ-ਵਾਰ ਸਵਾਲ ਉੱਠ ਰਹੇ ਹਨ। ਇਸ ਦੇ ਕਈ ਉਦਾਹਰਨ ਤੇ ਕੁਝ ਵਾਜਬ ਕਾਰਨ ਵੀ ਸਾਹਮਣੇ ਆਉਂਦੇ ਰਹੇ ਹਨ। ਆਓ ਇਨ੍ਹਾਂ 'ਤੇ ਇਕ ਝਾਤ ਮਾਰਦੇ ਹਾਂ-

ਪਾਕਿ ਵੀਡੀਓ 'ਚ ਖ਼ਾਲਿਸਤਾਨੀ ਸਮਰਥਨ

7 ਨਵੰਬਰ, 2019 ਨੂੰ ਕੋਰੀਡੋਰ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਨੇ ਇਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ 'ਚ ਖ਼ਾਲਿਸਤਾਨੀ ਸਮਰਥਕ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਕਈ ਹੋਰ ਖ਼ਾਲਿਸਤਾਨੀ ਸਮਰਥਕਾਂ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਮਜ਼ਬੂਤੀ ਮਿਲੀ ਕਿ ਪਾਕਿਸਤਾਨ ਦੀ ਮਨਸ਼ਾ ਕਾਰੀਡੋਰ ਜ਼ਰੀਏ ਅੱਤਵਾਦ ਫੈਲਾਉਣ ਦੀ ਹੈ।

ਕਮੇਟੀ 'ਚ ਗੋਪਾਲ ਚਾਵਲਾ

18 ਜੁਲਾਈ 2019 ਨੂੰ ਭਾਰਤ ਦੇ ਵਿਰੋਧ ਤੋਂ ਬਾਅਦ ਖ਼ਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਕਾਰੀਡੋਰ ਦੀ ਇਕ ਕਮੇਟੀ ਤੋਂ ਹਟਾਇਆ ਗਿਆ। ਭਾਰਤ ਨੂੰ ਸ਼ਰੇਆਮ ਧਮਕੀਆਂ ਦੇਣ ਵਾਲੇ ਗੋਪਾਲ ਸਿੰਘ ਚਾਵਲਾ ਨੂੰ ਕਮੇਟੀ ਦਾ ਮੈਂਬਰ ਬਣਾਉਣ ਨਾਲ ਪਾਕਿ ਦੀ ਤਿੱਖੀ ਆਲੋਚਨਾ ਹੋਈ ਸੀ। ਇਸ 'ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਸੀ। ਭਾਰਤ ਨੇ ਇਕ ਬੈਠਕ ਵੀ ਰੱਦ ਕਰ ਦਿੱਤੀ ਸੀ।

ਸਿੱਖ ਫੌਰ ਜਸਟਿਸ ਦੀ ਧਮਕੀ

14 ਦਸੰਬਰ, 2019 ਨੂੰ ਪਾਬੰਦੀਸ਼ੁਦਾ ਸੰਗਠਨ ਸਿੱਖ ਫੌਰ ਜਸਟਿਸ ਨੇ ਕਰਤਾਰਪੁਰ ਕਾਰੀਡੋਰ ਨੂੰ ਖ਼ਾਲਿਸਤਾਨ ਬਣਾਉਣ ਲਈ ਪੁਲ਼ ਦੱਸਿਆ ਸੀ। ਉਸ ਨੇ ਧਮਕੀ ਭਰੇ ਲਹਿਜ਼ੇ 'ਚ ਕਿਹਾ ਕਿ ਭਾਰਤ ਰੈਫਰੈਂਡਮ- 2020 'ਚ ਅੜਿੱਕਾ ਨਾ ਬਣੇ। ਭਾਰਤ ਨੇ ਇਸ ਧਮਕੀ ਦੀ ਜਾਣਕਾਰੀ ਪਾਕਿਸਤਾਨ ਨੂੰ ਦਿੱਤੀ ਸੀ। ਪਾਕਿਸਤਾਨ ਨੇ ਆਸਵੰਦ ਕੀਤਾ ਸੀ ਕਿ ਕਾਰੀਡੋਰ ਨੂੰ ਕਿਸੇ ਹੋਰ ਉਦੇਸ਼ ਲਈ ਇਸਤੇਮਾਲ ਨਹੀਂ ਹੋਣ ਦਿੱਤਾ ਜਾਵੇਗਾ।

ਕੈਪਟਨ ਨੇ ਦੱਸਿਆ ਸੀ- ਆਈਐੱਸਆਈ ਦਾ ਏਜੰਡਾ

1 ਦਸੰਬਰ 2019 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਕਾਰੀਡੋਰ ਖੋਲ੍ਹਣਾ ਪਾਕਿ ਖ਼ੁਫੀਆ ਏਜੰਸੀ ਆਈਐੱਸਆਈ ਦਾ ਲੁਕਿਆ ਏਜੰਡਾ ਹੋ ਸਕਦਾ ਹੈ। ਇਸ ਤੋਂ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਪਾਕਿਸਤਾਨ ਦੀ ਮਨਸ਼ਾ 'ਤੇ ਹਾਲੇ ਵੀ ਸ਼ੱਕ ਹੈ। ਇਸ ਦਾ ਉਦੇਸ਼ ਰੈਫਰੈਂਡਮ-2020 ਨੂੰ ਸਫ਼ਲ ਬਣਾਉਣਾ ਵੀ ਹੋ ਸਕਦਾ ਹੈ। ਬਾਬੇ ਨਾਨਕ ਦੇ ਨਾਂ 'ਤੇ ਯੂਨੀਵਰਸਿਟੀ ਸ਼ੁਰੂ ਕਰਨ ਵਰਗੇ ਫੈਸਲਿਆਂ ਪਿੱਛੇ ਲੁਕੇ ਏਜੰਡੇ ਨੂੰ ਪਰਖਣ ਦੀ ਜ਼ਰੂਰਤ ਹੈ।

ਪਾਕਿ ਮੰਤਰੀ ਨੇ ਕਿਹਾ- ਜਨਰਲ ਬਾਜਵਾ ਦੇ ਦਿਮਾਗ਼ ਦੀ ਪੈਦਾਵਾਰ

30 ਨਵੰਬਰ, 2019 ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੈਬਨਿਟ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਕਿ ਕਰਤਾਰਪੁਰ ਗਲਿਆਰਾ ਜਨਰਲ ਬਾਜਵਾ ਤੇ ਆਈਐੱਸਆਈ ਦੇ ਦਿਮਾਗ਼ ਦੀ ਪੈਦਾਵਾਰ ਹੈ। ਕਰਤਾਰਪੁਰ ਬਾਰਡਰ ਨੂੰ ਖੋਲ੍ਹ ਕੇ ਬਾਜਵਾ ਨੇ ਭਾਰਤ ਨੂੰ ਜਿਹੜਾ ਜ਼ਖ਼ਮ ਦਿੱਤਾ ਹੈ, ਉਹ ਉਸ ਨੂੰ ਲੰਬੇ ਸਮੇਂ ਤਕ ਯਾਦ ਰਹੇਗਾ। ਜਨਰਲ ਬਾਜਵਾ ਨੇ ਭਾਰਤ ਨੂੰ ਵੱਡਾ ਧੱਕਾ ਦਿੱਤਾ ਹੈ। ਪਾਕਿਸਤਾਨ ਨੇ ਸ਼ਾਂਤੀ ਲਈ ਨਵਾਂ ਮਾਹੌਲ ਬਣਾਇਆ ਹੈ ਤੇ ਸਿੱਖ ਭਾਈਚਾਰੇ ਦਾ ਭਰੋਸਾ ਜਿੱਤਿਆ ਹੈ।

ਸੁਬਰਾਮਣੀਅਮ ਸਵਾਮੀ ਨੇ ਕਿਹਾ ਸੀ- ਰੋਕ ਦਿਉ ਕਾਰੀਡੋਰ ਦਾ ਕੰਮ

24 ਅਗਸਤ, 2019 ਨੂੰ ਭਾਜਪਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਕਿਹਾ ਸੀ, 'ਦੇਸ਼ ਹਿੱਤ 'ਚ ਕਰਤਾਰਪੁਰ ਕਾਰੀਡੋਰ ਦਾ ਕੰਮ ਰੋਕ ਦੇਣਾ ਚਾਹੀਦਾ ਹੈ। ਮੈਂ ਸਿੱਖ ਭਾਈਚਾਰੇ ਦੀਆਂ ਭਵਾਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਤੇ ਮੈਂ ਹਮੇਸ਼ਾਂ ਸਿੱਖਾਂ ਦਾ ਸਮਰਥਨ ਕੀਤਾ ਹੈ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਇਰਾਤੇ ਨੇਕ ਨਹੀਂ ਹਨ।'

ਕੀ ਹੋ ਸਕਦੇ ਹਨ ਸੰਭਾਵੀ ਖ਼ਤਰੇ

  • ਖ਼ਾਲਿਸਤਾਨੀ ਸਮਰਥਕ ਸੰਗਠਨ ਰੈਫਰੈਂਡਮ-2020 ਨੂੰ ਮਜ਼ਬੂਤ ਕਰ ਸਕਦੇ ਹਨ।
  • ਆਈਐੱਸਆਈ ਕਰਤਾਰਪੁਰ ਕਾਰੀਡੋਰ ਜ਼ਰੀਏ ਪੰਜਾਬ 'ਚ ਅੱਤਵਾਦੀ ਭੇਜ ਸਕਦੀ ਹੈ।
  • ਘੁਸਪੈਠ, ਡਰੱਗ ਸਪਲਾਈ ਤੇ ਮਨੀ ਲਾਂਡਰਿੰਗ ਵਰਗੀਆਂ ਸਰਗਰਮੀਆਂ ਲਈ ਇਸਤੇਮਾਲ ਹੋ ਸਕਦਾ ਹੈ।
  • ਅੱਤਵਾਦੀ ਸੰਗਠਨਾਂ ਦੇ ਸਲੀਪਰ ਸੈੱਲ ਨੂੰ ਸ਼ਰਧਾਲੂ ਬਣਾ ਕੇ ਭਾਰਤ ਭੇਜਿਆ ਜਾ ਸਕਦਾ ਹੈ।
  • ਪੰਜਾਬ 'ਚ ਖ਼ਾਲਿਸਤਾਨ ਹਮਾਇਤੀ ਅੰਦੋਲਨ ਨੂੰ ਮੁੜ ਜ਼ਿੰਦਾ ਕੀਤਾ ਜਾ ਸਕਦਾ ਹੈ।

ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ : ਸਾਬਕਾ ਵਿਦੇਸ਼ ਸਕੱਤਰ

ਸਾਬਕਾ ਵਿਦੇਸ਼ ਸਕੱਤਰ ਸ਼ਸ਼ਾਂਕ ਨੇ ਕਿਹਾ- 'ਖ਼ਦਸ਼ਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ। ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਪਰ ਇਸ ਦੇ ਲਈ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ। ਪਾਕਿਸਤਾਨ ਜ਼ਰੂਰ ਚਾਹੇਗਾ ਕਿ ਦੁਨੀਆ ਭਰ 'ਚ ਮੌਜੂਦ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਹ ਭਾਰਤ ਖ਼ਿਲਾਫ਼ ਇਸਤੇਮਾਲ ਕਰ ਸਕਣ।'

Posted By: Seema Anand