ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮਹਿਕਮਾ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਸ ਵੱਲੋਂ ਐੱਚਡੀਐੱਫਸੀ ਬੈਂਕ ਦੇ ਸਹਿਯੋਗ ਨਾਲ ਸਕਾਲਰਸ਼ਿਪ ਐਵਾਰਡ ਪੋ੍ਗਰਾਮ ਅਧੀਨ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡਣ ਲਈ ਸਮਾਰੋਹ ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਸਪੈਸ਼ਲ ਡੀਜੀਪੀ ਸੰਜੀਵ ਕਾਲੜਾ ਆਈਪੀਐੱਸ ਵੱਲੋਂ ਐੱਚਡੀਐੱਫਸੀ ਬੈਂਕ ਦੇ ਸਹਿਯੋਗ ਨਾਲ ਡਿਊਟੀ ਦੌਰਾਨ ਐਕਸੀਡੈਂਟ ਕਾਰਨ ਆਪਣੀ ਜਾਨ ਗਵਾਉਣ ਵਾਲੇ ਹੋਮਗਾਰਡ ਦੇ 2 ਵਾਲੰਟੀਅਰਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਹੋਮਗਾਰਡ ਦੇ ਵਾਲੰਟੀਅਰਾਂ ਦੇ 244 ਹੋਣਹਾਰ ਬੱਚਿਆਂ ਨੂੰ ਜੋ ਵੱਖ ਵੱਖ ਜਮਾਤਾਂ ਵਿਚ 80 ਫੀਸਦੀ ਤੋਂ ਵਧੇਰੇ ਅੰਕ ਲੈ ਕੇ ਪਾਸ ਹੋਏ ਨੂੰ ਵੀ 13 ਲੱਖ 11 ਹਜ਼ਾਰ 900 ਰੁਪਏ ਦੇ ਚੈੱਕ ਦਿੱਤੇ।
ਇਸ ਮੌਕੇ ਸੰਬੋਧਨ ਕਰਦਿਆਂ ਸੰਜੀਵ ਕਾਲੜਾ ਨੇ ਕਿਹਾ ਕਿ ਪੰਜਾਬ ਹੋਮਗਾਰਡ ਦੇ ਜਵਾਨ ਸੂਬੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਹਰ ਸਮੇਂ ਅਗਾਂਹਵਧੂ ਭੂਮਿਕਾ ਨਿਭਾਉਂਦੇ ਹਨ ਅਤੇ ਹੁਣ ਮਹਿਕਮੇ ਦੇ ਮੁਖੀ ਦੇ ਤੌਰ 'ਤੇ ਜਵਾਨਾਂ ਅਤੇ ਉਨ੍ਹਾਂ ਦੇ ਵੈੱਲਫੇਅਰ ਲਈ ਕੰਮ ਕਰਨਾ ਹੀ ਉਨ੍ਹਾਂ ਦੀ ਪ੍ਰਰਾਥਮਿਕਤਾ ਹੈ। ਉਨ੍ਹਾਂ ਸਕਾਲਰਸ਼ਿਪ ਪ੍ਰਰਾਪਤ ਕਰਨ ਵਾਲੇ ਬੱਚਿਆਂ ਅਤੇ ਮਾਪਿਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ 'ਚ ਹੋਰ ਉਚੇਰੇ ਸੁਪਨਿਆਂ ਦੀ ਪ੍ਰਰਾਪਤੀ ਲਈ ਅਣਥੱਕ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਇਸ ਦੌਰਾਨ ਉਨ੍ਹਾਂ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 2 ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਤੇ ਕਿਹਾ ਕਿ ਪੰਜਾਬ ਹੋਮ ਗਾਰਡ ਹਮੇਸ਼ਾ ਇਨ੍ਹਾਂ ਪਰਿਵਾਰਾਂ ਦੇ ਦੁੱਖ ਵਿਚ ਨਾਲ ਖੜੇਗਾ।
ਇਸ ਮੌਕੇ ਐਚ.ਡੀ.ਐਫ.ਸੀ. ਬੈਂਕ ਦੇ ਉੱਤਰੀ-2 ਬ੍ਾਂਚ ਬੈਂਕਿੰਗ ਹੈਡ ਵਿਨੀਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਬੈਂਕ ਹੋਮਗਾਰਡ ਵਿਭਾਗ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਜਵਾਨਾਂ ਦੀ ਬਿਹਤਰੀ ਲਈ ਹਮੇਸ਼ਾ ਕੰਮ ਕਰਦਾ ਰਹੇਗਾ।
ਅੰਤ ਵਿਚ ਧੰਨਵਾਦੀ ਸੰਬੋਧਨ ਦੌਰਾਨ ਕਮਾਡੈਂਟ ਡਾ ਅਜੈਪਾਲ ਸਿੰਘ ਨੇ ਡੀਜੀਪੀ ਸੰਜੀਵ ਕਾਲੜਾ ਅਤੇ ਐੱਚਡੀਐੱਫਸੀ ਬੈਂਕ ਨਾਰਥ ਜ਼ੋਨ -2 ਦੇ ਬੈਕਿੰਗ ਹੈੱਡ ਵਿਨੀਤ ਅਰੋੜਾ ਅਤੇ ਸਕੂਲ ਪਿੰ੍ਸੀਪਲ ਡਾ. ਅਨੂਪ ਕਿਰਨ ਦਾ ਇਸ ਉੱਦਮ ਲਈ ਧੰਨਵਾਦ ਕੀਤਾ। ਕਮਾਡੈਂਟ ਗੁਰਲਵਦੀਪ ਸਿੰਘ ਨੇ ਪੋ੍ਗਰਾਮ ਅਫ਼ਸਰ ਅਤੇ ਕੰਪਨੀ ਕਮਾਂਡਰ ਕਰਮਜੀਤ ਸਿੰਘ ਨੇ ਸਟੇਜ ਸੰਚਾਲਕ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਡਿਪਟੀ ਕਮਾਡੈਂਟ ਜਨਰਲ ਹਰਮਨਜੀਤ ਸਿੰਘ, ਡਵੀਜ਼ਨਲ ਕਮਾਡੈਂਟ ਚਰਨਜੀਤ ਸਿੰਘ ਸਮੇਤ ਵਿਭਾਗ ਅਤੇ ਬੈਂਕ ਦੇ ਸਮੂਹ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।