ਜੇਐੱਨਐੱਨ, ਏਐੱਨਆਈ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਕੋਰੀਡੋਰ ਤੇ ਉੱਥੇ ਦੀ ਯਾਤਰਾ ਸਬੰਧੀ ਕਥਿਤ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਕਥਿਤ ਬਿਆਨ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਅਦ ਨੇ ਦੋਸ਼ ਲਾਇਆ ਹੈ ਕਿ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਨੂੰ ਅੱਤਵਾਦੀ ਖ਼ਤਰਾ ਹੈ। ਉੱਥੇ ਗਿਆ ਯਾਤਰੀ ਛੇ ਘੰਟੇ 'ਚ ਬੰਬ ਬਣਾਉਣ ਦੀ ਟ੍ਰੇਨਿੰਗ ਲੈ ਕੇ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਮਾਮਲਾ ਗਰਾਮਉਣ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਸਫਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ।

ਦਿਨਕਰ ਗੁਪਤਾ ਨੇ ਦਿੱਤੀ ਸਫਾਈ, ਕਿਹਾ - 'ਬਿਆਨ ਦਾ ਗਲਤ ਮਤਲਬ ਕੱਢਿਆ ਗਿਆ'

ਸ਼੍ਰੋਅਦ ਦੇ ਸੀਨੀਅਰ ਆਗੂ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੇ ਕਥਿਤ ਤੌਰ 'ਤੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਨੂੰ ਅੱਤਵਾਦੀ ਖ਼ਤਰਾ ਹੈ ਤੇ ਉੱਥੇ ਗਿਆ ਸ਼ਰਧਾਲੂ ਛੇ ਘੰਟੇ 'ਚ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਡੀਜੀਪੀ ਦੇ ਇਸ ਤਰ੍ਹਾਂ ਦੇ ਬਿਆਨ ਨੂੰ ਕਦੀ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਬਿਕਰਮ ਸਿੰਘ ਮਜੀਠੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਇਕ ਸਮਾਚਾਰ ਪੱਤਰ 'ਚ ਡੀਜੀਪੀ ਦਾ ਛਪਿਆ ਬਿਆਨ ਇਤਾਰਜ਼ਯੋਗ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਦੇ ਮਾਮਲੇ ਸਬੰਧੀ ਜੋ ਕੁਝ ਕਿਹਾ ਹੈ ਕਿ ਉਸ 'ਤੇ ਮਾਫੀ ਮੰਗੇ। ਜੇ ਮਾਫੀ ਨਹੀਂ ਮੰਗੀ ਤਾਂ ਸ਼੍ਰੋਮਣੀ ਅਕਾਲੀ ਦਲ 24 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਨਹੀਂ ਚੱਲਣ ਦੇਵੇਗਾ।

ਮਜੀਠੀਆ ਨੇ ਕਿਹਾ ਕਿ ਡੀਜੀਪੀ ਦੇ ਇਸ ਬਿਆਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਇਸ ਤਰ੍ਹਾਂ ਦਾ ਬਿਆਨ ਇੰਦਰਾ ਗਾਂਧੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਹੈ ਜਿਸ ਨੇ ਹਰ ਸਿੱਖ ਨੂੰ ਅੱਤਵਾਦੀ ਦੇ ਰੂਪ 'ਚ ਪੇਸ਼ ਕੀਤਾ। ਸਿੱਖਾਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ ਤੇ ਇਹ ਸ਼ਬਦ ਗਾਂਧੀ ਪਰਿਵਾਰ ਦੇ ਹਨ। ਸ਼੍ਰੋਅਦ ਇਸ ਤਰ੍ਹਾਂ ਦੇ ਬਿਆਨ ਨੂੰ ਬਰਦਾਸ਼ਤ ਨਹੀਂ ਕਰੇਗਾ।

Posted By: Amita Verma