ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਮੁਬਾਰਿਕਪੁਰ ਨੇੜੇ ਬਣੀਆਂ ਝੁੱਗੀਆਂ 'ਚ ਅਚਾਨਕ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋ ਗਈਆਂ। ਇਸ ਮੌਕੇ 'ਤੇ ਪੁੱਜੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪੁਲਿਸ ਨੂੰ ਮਾਮਲੇ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਰਾਪਤ ਜਾਣਕਾਰੀ ਮੁਤਾਬਿਕ ਰਾਤੀ ਕਰੀਬ 12 ਵਜੇ ਮੁਬਾਰਿਕਪੁਰ ਨੇੜੇ ਅਚਾਨਕ ਬਾਰਾਂ ਤੇਰਾਂ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਲੱਗਣ 'ਤੇ ਝੁੱਗੀ ਵਿਚ ਸੌ ਰਹੇ ਵਿਅਕਤੀਆਂ 'ਚ ਭਾਜੜ ਪੈ ਗਈ ਅਤੇ ਝੁੱਗੀ ਦੀ ਤਰਪਾਲਾਂ ਫਾੜ ਕੇ ਝੁੱਗੀ ਵਿਚੋਂ ਬਾਹਰ ਨਿਕਲੇ। ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਅੱਗ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ 'ਤੇ ਪੁੱਜੀ ਅੱਗ ਬੁਝਾਊ ਵਿਭਾਗ ਦੀ ਇਕ ਗੱਡੀ ਜ਼ੀਰਕਪੁਰ ਤੇ ਦੋ ਗੱਡੀਆਂ ਡੇਰਾਬੱਸੀ ਤੋਂ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਇਸ ਮਾਮਲੇ ਸਬੰਧੀ ਮੁਬਾਰਿਕਪੁਰ ਚੌਂਕੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ 12,13 ਝੁੱਗੀਆਂ ਨੂੰ ਅੱਗ ਲੱਗੀ ਹੈ ਅਤੇ ਕੁੱਝ ਝੁੱਗੀਆਂ ਵਿਚ ਛੋਟੇ ਗੈਸ ਦੇ ਸਿਲੰਡਰ ਵੀ ਫੱਟੇ ਹਨ। ਜਿਸ ਕਾਰਨ ਅੱਗ ਜ਼ਿਆਦਾ ਫੈਲ ਗਈ। ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਵਿਭਾਗ ਦੀਆਂ ਗੱਡੀਆਂ ਨੇ ਜਲਦ ਹੀ ਅੱਗ 'ਤੇ ਕਾਬੂ ਪਾ ਲਿਆ ਨਹੀਂ ਤਾਂ ਨੇੜੇ ਵੱਸ ਰਹੀਆਂ ਹੋਰ ਝੁੱਗੀਆਂ ਨੂੰ ਅੱਗ ਲੱਗ ਸਕਦੀ ਸੀ। ਜਿਸ ਕਾਰਨ ਕਾਫ਼ੀ ਨੁਕਸਾਨ ਹੋ ਸਕਦਾ ਸੀ। ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਅੱਗ ਲੱਗਣ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।