ਜੇਐੱਨਐੱਨ, ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ ਦਾ ਬਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਰੇਸ਼ਾਨੀ ਵਧਾਉਣ ਲੱਗਾ ਹੈ। ਡੇਰੇ ਨੇ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ 2017 'ਚ ਉਨ੍ਹਾਂ ਨੇ ਅਕਾਲੀ ਦਲ ਦਾ ਸਾਥ ਦਿੱਤਾ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੇਰੇ ਦੀ ਮਨਜ਼ੂਰੀ ਤੋਂ ਬਾਅਦ ਤਸਵੀਰ ਸਾਫ਼ ਹੋ ਗਈ ਹੈ ਕਿ ਸੁਖਬੀਰ ਬਾਦਲ ਨੇ ਵੋਟ ਲਈ ਡੇਰਾ ਮੁਖੀ ਨਾਲ ਸਮਝੌਤਾ ਕੀਤਾ ਸੀ। 'ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਮਾਫ਼ੀ ਦਿਆਂਗਾ।' ਜਾਖੜ ਨੇ ਕਿਹਾ ਕਿ ਅਕਾਲ ਤਖ਼ਤ ਇਸ ਮਾਮਲੇ ਸਬੰਧੀ ਨੋਟਿਸ ਲਵੇ ਤੇ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਿਆ ਜਾਵੇ।

ਜਾਖੜ ਨੇ ਕਿਹਾ ਕਿ ਡੇਰੇ ਦੀ ਵੋਟ ਲਈ ਸੁਖਬੀਰ ਬਾਦਲ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੈ। ਡੇਰੇ ਦੀ ਵੋਟ ਲਈ ਡੇਰਾ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਾਉਣ ਦੇ ਮਾਮਲੇ 'ਚ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਈ। ਫਿਰ ਐੱਮਐੱਸਜੀ 2 ਨੂੰ ਰਿਲੀਜ਼ ਕਰਵਾਇਆ ਗਿਆ। ਇਸ ਮਾਮਲੇ 'ਚ ਹੁਣ ਤਕ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਹੈ। ਹੁਣ ਪੰਥਕ ਜਥੇਬੰਦੀਆਂ ਨੂੰ ਅਕਾਲ ਤਖ਼ਤ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਿਆ ਜਾਵੇ, ਕਿਉਂਕਿ ਹੁਣ ਸਾਬਿਤ ਹੋ ਗਿਆ ਹੈ ਕਿ ਸੁਖਬੀਰ ਨੇ 'ਤੁਸੀਂ ਮੈਨੂੰ ਵੋਟ ਦਿਉ ਮੈਂ ਤੁਹਾਨੂੰ ਮਾਫ਼ੀ ਦਿਆਂਗਾ' ਲਈ ਪੂਰਾ ਡਰਾਮਾ ਰਚਿਆ ਸੀ।

ਜਾਖੜ ਨੇ ਕਿਹਾ ਕਿ ਅਕਾਲੀ ਦਲ ਦੋ ਧੁਰਿਆਂ ਰਾਹੀਂ ਆਪਣੀ ਸਿਆਸੀ ਜ਼ਮੀਨ ਨੂੰ ਵਾਹੁੰਦੀ ਸੀ। ਪੰਥ ਤੇ ਕਿਸਾਨੀ। ਪੰਥ ਦੇ ਪਿਠ 'ਚ ਸੁਖਬੀਰ ਬਾਦਲ ਨੇ ਪਹਿਲਾਂ ਹੀ ਛੁਰਾ ਮਾਰ ਦਿੱਤਾ ਹੈ ਤੇ ਕਿਸਾਨੀ ਆਰੀਡਨੈਂਸ ਦਾ ਸਮਰਥਨ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਨੀਂਹ ਰੱਖ ਦਿੱਤੀ ਹੈ।

Posted By: Amita Verma